ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤਿੰਨ ਦੇਸ਼ਾਂ ਦੀ ਸਫ਼ਲ ਯਾਤਰਾ ਤੋਂ ਬਾਅਦ ਵੀਰਵਾਰ ਦੁਪਹਿਰ ਦੇਸ਼ ਪਰਤ ਆਏ। ਸ਼੍ਰੀ ਮੋਦੀ 5 ਦਿਨ ਦੀ ਯਾਤਰਾ ਦੇ ਅੰਤਿਮ ਪੜਾਅ ‘ਤੇ ਕ੍ਰੋਏਸ਼ੀਆ ਤੋਂ ਰਾਜਧਾਨੀ ਦਿੱਲੀ ਲਈ ਰਵਾਨਾ ਹੋਏ ਸਨ। ਪ੍ਰਧਾਨ ਮੰਤਰੀ ਐਤਵਾਰ ਨੂੰ ਯਾਤਰਾ ਦੇ ਪਹਿਲੇ ਪੜਾਅ ‘ਤੇ ਸਾਈਪ੍ਰਸ ਲਈ ਰਵਾਨਾ ਹੋਏ ਸਨ। ਸਾਈਪ੍ਰਸ ‘ਚ ਉਨ੍ਹਾਂ ਨੇ ਰਾਸ਼ਟਰਪਤੀ ਨਿਕੋਸ਼ ਕ੍ਰਿਸਟੋਡੌਲਿਡੇਸ ਨਾਲ ਦੋ-ਪੱਖੀ ਬੈਠਕ ‘ਚ ਹਿੱਸਾ ਲਿਆ।
ਰਾਸ਼ਟਰਪਤੀ ਨੇ ਸ਼੍ਰੀ ਮੋਦੀ ਨੂੰ ਸਾਈਪ੍ਰਸ ਦੇ ਸਰਵਉੱਚ ਸਨਮਾਨ ‘ਗ੍ਰੈਂਡ ਕ੍ਰਾਸ ਆਫ਼ ਦਿ ਆਰਡਰ ਆਫ਼ ਮਕਾਰਿਓਸ’ ਨਾਲ ਸਨਮਾਨਤ ਕੀਤਾ। ਸਾਈਪ੍ਰਸ ‘ਚ 2 ਦਿਨ ਦੌਰੇ ਤੋਂ ਬਾਅਦ ਮੰਗਲਵਾਰ ਨੂੰ ਉਹ ਕੈਨੇਡਾ ਪਹੁੰਚੇ, ਜਿੱਥੇ ਉਨ੍ਹਾਂ ਨੇ ਜੀ-7 ਦੇਸ਼ਾਂ ਦੀ ਬੈਠਕ ‘ਚ ਹਿੱਸਾ ਲਿਆ। ਇਸ ਦੌਰਾਨ ਉਨ੍ਹਾਂ ਨੇ ਵੱਖ-ਵੱਖ ਦੇਸ਼ਾਂ ਦੇ ਆਗੂਆਂ ਨਾਲ ਦੋ-ਪੱਖੀ ਬੈਠਕਾਂ ਵੀ ਕੀਤੀਆਂ। ਸ਼੍ਰੀ ਮੋਦੀ ਬੁੱਧਵਾਰ ਨੂੰ ਯਾਤਰਾ ਦੇ ਅੰਤਿਮ ਪੜਾਅ ‘ਤੇ ਕ੍ਰੋਏਸ਼ੀਆ ਪਹੁੰਚੇ। ਉੱਥੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਆਂਦ੍ਰੇਜ ਪਲੇਂਕੋਵਿਚ ਨਾਲ ਦੋ-ਪੱਖੀ ਗੱਲਬਾਤ ਕੀਤੀ। ਕਿਸੇ ਭਾਰਤੀ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਕ੍ਰੋਏਸ਼ੀਆ ਯਾਤਰਾ ਸੀ।