ਆਦਮਪੁਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਮੰਗਲਵਾਰ ਨੂੰ ਪੰਜਾਬ ਪਹੁੰਚੇ ਹਨ। ਪ੍ਰਧਾਨ ਮੰਤਰੀ ਦਾ ਇਹ ਦੌਰਾ ਅਚਨਚੇਤ ਹੈ। ਦਰਅਸਲ ਪ੍ਰਧਾਨ ਮੰਤਰੀ ਆਦਮਪੁਰ ਏਅਰਬੇਸ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਭਾਰਤੀ ਹਵਾਈ ਫ਼ੌਜ ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਜਵਾਨਾਂ ਨੇ ਉਨ੍ਹਾਂ ਨੂੰ ਮੌਜੂਦਾ ਸਥਿਤੀ ਦੀ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਨੇ ਫ਼ੌਜ ਦੇ ਜਵਾਨਾਂ ਦਾ ਹੌਂਸਲਾ ਵਧਾਇਆ।
ਜ਼ਿਕਰਯੋਗ ਹੈ ਕਿ ਭਾਰਤ ਦੇ ‘ਆਪ੍ਰੇਸ਼ਨ ਸਿੰਦੂਰ’ ‘ਚ ਹਵਾਈ ਫ਼ੌਜ ਵੱਡੀ ਭੂਮਿਕਾ ਨਿਭਾਈ ਹੈ। ਭਾਰਤ ਅਤੇ ਪਾਕਿਸਤਾਨ ਦੀ ਫ਼ੌਜ ਵਿਚਾਲੇ ਫਿਲਹਾਲ ਜੰਗਬੰਦੀ ਚੱਲ ਰਹੀ ਹੈ। ਪਾਕਿਸਤਾਨ ਵਲੋਂ ਕੀਤੇ ਗਏ ਹਮਲਿਆਂ ਨੂੰ ਨਾਕਾਮ ਕਰਨ ਮਗਰੋਂ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਸ਼ੁਰੂ ਕੀਤੀ ਤਾਂ ਪਾਕਿਸਤਾਨ ਨੇ ਗੋਡੇ ਟੇਕ ਦਿੱਤੇ। ਇਸ ਤੋਂ ਬਾਅਦ ਪਾਕਿਸਤਾਨ ਦੀ ਫ਼ੌਜ ਦੇ DGMO ਨੇ ਭਾਰਤੀ ਫ਼ੌਜ ਦੇ DGMO ਨੂੰ ਕਾਲ ਕਰ ਕੇ ਜੰਗਬੰਦੀ ਦਾ ਪ੍ਰਸਤਾਵ ਦਿੱਤਾ। ਇਸ ਤੋਂ ਬਾਅਦ ਭਾਰਤ ਨੇ ਇਸ ‘ਤੇ ਆਪਣੀ ਸ਼ਰਤਾਂ ‘ਤੇ ਸਹਿਮਤੀ ਜਤਾਈ ਅਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਅੱਤਵਾਦ ਖਿਲਾਫ਼ ਸਾਡੀ ਲੜਾਈ ਜਾਰੀ ਰਹੇਗੀ।
ਦੱਸ ਦੇਈਏ ਕਿ ਭਾਰਤ ਵਲੋਂ ‘ਆਪ੍ਰੇਸ਼ਨ ਸਿੰਦੂਰ’ ਪਾਕਿਸਤਾਨ ਵਲੋਂ 22 ਅਪ੍ਰੈਲ ਨੂੰ ਹੋਏ ਪਹਿਲਗਾਮ ਅੱਤਵਾਦੀ ਹਮਲੇ ਦੇ ਜਵਾਬ ਵਿਚ ਸ਼ੁਰੂ ਕੀਤਾ ਗਿਆ। ਭਾਰਤੀ ਫ਼ੌਜ ਵਲੋਂ 6 ਅਤੇ 7 ਮਈ ਦੀ ਦਰਮਿਆਨ ਰਾਤ ਨੂੰ ‘ਆਪ੍ਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (PoK) ‘ਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਪਾਕਿਸਤਾਨ ਬੌਖਲਾ ਗਿਆ ਅਤੇ ਉਸ ਨੇ ਭਾਰਤ ‘ਤੇ ਜਵਾਬੀ ਹਮਲੇ ਕੀਤੇ।