ਨਵੀਂ ਦਿੱਲੀ- ਪੱਛਮੀ ਏਸ਼ੀਆ ‘ਚ ਚੱਲ ਰਹੇ ਭਿਆਨਕ ਸੰਘਰਸ਼ ਅਤੇ ਇਸ ਦੇ ਵਿਸ਼ਵਵਿਆਪੀ ਪ੍ਰਭਾਵਾਂ ਦੇ ਵਿਚਕਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਦੁਪਹਿਰ 2 ਵਜੇ ਲੋਕ ਸਭਾ ਨੂੰ ਸੰਬੋਧਨ ਕਰਨਗੇ। ਬਜਟ ਸੈਸ਼ਨ ਦੌਰਾਨ ਹੋਣ ਵਾਲੇ ਇਸ ਸੰਬੋਧਨ ‘ਚ ਪੀਐੱਮ ਮੋਦੀ ਭਾਰਤ ਦੇ ਰੁਖ਼ ਅਤੇ ਦੇਸ਼ ਵਾਸੀਆਂ ਨੂੰ ਇਸ ਸੰਕਟ ਦੇ ਪ੍ਰਭਾਵਾਂ ਤੋਂ ਬਚਾਉਣ ਲਈ ਚੁੱਕੇ ਜਾ ਰਹੇ ਕਦਮਾਂ ਬਾਰੇ ਜਾਣਕਾਰੀ ਦੇਣਗੇ।
ਉੱਚ ਪੱਧਰੀ ਬੈਠਕ ‘ਚ ਬਣੀ ਰਣਨੀਤੀ
ਪ੍ਰਧਾਨ ਮੰਤਰੀ ਦਫ਼ਤਰ (PMO) ‘ਚ ਕੈਬਨਿਟ ਸਕੱਤਰ ਨੇ ਇਕ ਵਿਸਥਾਰਪੂਰਵਕ ਪੇਸ਼ਕਾਰੀ ਰਾਹੀਂ ਵਿਸ਼ਵ ਸਥਿਤੀ ਅਤੇ ਭਾਰਤ ਦੇ ਵੱਖ-ਵੱਖ ਮੰਤਰਾਲਿਆਂ ਵੱਲੋਂ ਕੀਤੇ ਜਾ ਰਹੇ ਯਤਨਾਂ ਬਾਰੇ ਦੱਸਿਆ। ਬੈਠਕ ‘ਚ ਖੇਤੀਬਾੜੀ, ਪੈਟਰੋਲੀਅਮ, ਬਿਜਲੀ, ਸ਼ਿਪਿੰਗ ਅਤੇ ਸਪਲਾਈ ਚੇਨ ਵਰਗੇ ਅਹਿਮ ਖੇਤਰਾਂ ‘ਤੇ ਜੰਗ ਦੇ ਪ੍ਰਭਾਵਾਂ ਦਾ ਮੁਲਾਂਕਣ ਕੀਤਾ ਗਿਆ। ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਆਉਣ ਵਾਲੇ ‘ਖਰੀਫ ਸੀਜ਼ਨ’ ਲਈ ਖਾਦਾਂ (Fertilisers) ਦਾ ਲੋੜੀਂਦਾ ਸਟਾਕ ਮੌਜੂਦ ਹੈ ਅਤੇ ਖਾਦਾਂ ਦੇ ਬਦਲਵੇਂ ਸਰੋਤਾਂ ਦੀ ਵੀ ਭਾਲ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ, ਬਿਜਲੀ ਪਲਾਂਟਾਂ ‘ਚ ਕੋਲੇ ਦਾ ਢੁਕਵਾਂ ਭੰਡਾਰ ਹੋਣ ਕਾਰਨ ਦੇਸ਼ ‘ਚ ਬਿਜਲੀ ਦੀ ਕਿੱਲਤ ਨਹੀਂ ਹੋਣ ਦਿੱਤੀ ਜਾਵੇਗੀ।

