ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ ਕਿ ਵੀਰਵਾਰ ਦੁਪਹਿਰ 12 ਵਜੇ ਨਵੀਂ ਦਿੱਲੀ ਦੇ ‘ਭਾਰਤ ਮੰਡਪਮ’ ‘ਚ ਭਾਰਤ ਦੇ ਭਵਿੱਖ ਦੀ ਨੀਂਹ ਵਜੋਂ ਬੱਚਿਆਂ ਨੂੰ ਸਨਮਾਨਿਤ ਕਰਨ ਵਾਲੇ ਦੇਸ਼ ਵਿਆਪੀ ਸਮਾਗਮ ‘ਵੀਰ ਬਾਲ ਦਿਵਸ’ ਵਿਚ ਹਿੱਸਾ ਲੈਣਗੇ। ਵੀਰ ਬਾਲ ਦਿਵਸ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰਾਂ- ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਦੀ ਯਾਦ ਵਿਚ ਸਮਰਪਿਤ ਹੈ।
ਪ੍ਰਧਾਨ ਮੰਤਰੀ ਮੋਦੀ ਭਾਰਤ ਦੇ ਭਵਿੱਖ ਦੀ ਨੀਂਹ ਦੇ ਰੂਪ ਵਿਚ ਬੱਚਿਆਂ ਨੂੰ ਸਨਮਾਨਿਤ ਕਰਨ ਵਾਲੇ ਰਾਸ਼ਟਰ ਵਿਆਪੀ ਉਤਸਵ ਵੀਰ ਬਾਲ ਦਿਵਸ ‘ਤੇ ਆਯੋਜਿਤ ਸਮਾਰੋਹ ਨੂੰ ਸੰਬੋਧਿਤ ਵੀ ਕਰਨਗੇ।
ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ‘ਤੇ ਲਿਖਿਆ ਕਿ ਅੱਜ ਵੀਰ ਬਾਲ ਦਿਵਸ ‘ਤੇ ਅਸੀਂ ਸਾਹਿਬਜ਼ਾਦਿਆਂ ਦੀ ਬੇਮਿਸਾਲ ਵੀਰਤਾ ਅਤੇ ਕੁਰਬਾਨੀ ਨੂੰ ਯਾਦ ਕਰਦੇ ਹਾਂ। ਛੋਟੀ ਉਮਰ ਵਿਚ ਉਹ ਆਪਣੇ ਵਿਸ਼ਵਾਸ ਅਤੇ ਸਿਧਾਂਤਾ ‘ਤੇ ਦ੍ਰਿੜ ਰਹੇ ਅਤੇ ਪੀੜ੍ਹੀਆਂ ਨੂੰ ਆਪਣੇ ਹੌਂਸਲੇ ਨਾਲ ਪ੍ਰੇਰਿਤ ਕੀਤਾ। ਉਨ੍ਹਾਂ ਦੀ ਕੁਰਬਾਨ, ਬਹਾਦਰੀ ਅਤੇ ਕਦਰਾਂ-ਕੀਮਤਾਂ ਪ੍ਰਤੀ ਵਚਨਬੱਧਤਾ ਦੀ ਅਦੁੱਤੀ ਮਿਸਾਲ ਹੈ। ਅਸੀਂ ਮਾਤਾ ਗੁਜਰੀ ਜੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਹਾਦਰੀ ਨੂੰ ਵੀ ਯਾਦ ਕਰਦੇ ਹਾਂ।