ਜਲੰਧਰ- ਜਲੰਧਰ ਦੀ ਰਹਿਣ ਵਾਲੀ ਪਲਕ ਕੋਹਲੀ ਨੇ ਪੈਰਿਸ ਪੈਰਾਲੰਪਿਕ ਵਿਚ ਬੈਡਮਿੰਟਨ ਮੁਕਾਬਲੇ ਵਿਚ ਭਾਵੇਂ ਮੈਡਲ ਨਹੀਂ ਜਿੱਤਿਆ ਪਰ ਉਸ ਨੇ ਆਪਣੀ ਸੰਘਰਸ਼ ਦੀ ਜੋ ਦਾਸਤਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਵਿਚ ਸੁਣਾਈ ਹੈ, ਉਸ ਨੂੰ ਸੁਣ ਕੇ ਸਾਰੇ ਲੋਕ ਪ੍ਰੇਰਣਾ ਲੈ ਰਹੇ ਹਨ। ਟੋਕੀਓ ਪੈਰਾਲੰਪਿਕ ਤੋਂ ਬਾਅਦ ਪਲਕ ਕੋਹਲੀ ਨੂੰ ਕੈਂਸਰ ਹੋ ਗਿਆ ਸੀ। ਉਸ ਨੇ ਹਾਲ ਹੀ ਵਿੱਚ ਪੈਰਿਸ ਪੈਰਾਲੰਪਿਕ ਵਿੱਚ ਜਗ੍ਹਾ ਬਣਾਉਣ ਲਈ ਕੈਂਸਰ ਨੂੰ ਹਰਾਇਆ, ਫਿਰ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ
ਪਿਛਲੇ ਦਿਨੀਂ ਪਲਕ ਕੋਹਲੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪਲਕ, ਤੁਹਾਡਾ ਕੇਸ ਅਜਿਹਾ ਹੈ ਕਿ ਤੁਸੀਂ ਕਈ ਲੋਕਾਂ ਨੂੰ ਪ੍ਰੇਰਿਤ ਕਰ ਸਕਦੇ ਹੋ, ਕਿਉਂਕਿ ਇੰਨੀਆਂ ਮੁਸ਼ਕਿਲਾਂ ਦੇ ਬਾਵਜੂਦ ਟਰੈਕ ‘ਤੇ ਗੱਡੀ ਆਈ, ਆਪਣੀ ਜ਼ਿੰਦਗੀ ਬਣਾਈ। ਵਿਚਕਾਰ ਇਕ ਨਵੀਂ ਰੁਕਾਵਟ ਖੜ੍ਹੀ ਹੋ ਗਈ। ਫਿਰ ਵੀ ਤੁਸੀਂ ਆਪਣਾ ਮਕਸਦ ਨਹੀਂ ਛੱਡਿਆ। ਇਹ ਬਹੁਤ ਵੱਡੀ ਗੱਲ ਹੈ। ਤੁਹਾਨੂੰ ਵਧਾਈ ਹੋਵੇ। ਪਲਕ ਨੇ ਦੱਸਿਆ ਕਿ ਪੈਰਾਲੰਪਿਕ ਵਿਚ ਜਗ੍ਹਾ ਬਣਾਉਣ ਲਈ ਇੰਟਰਨੈਸ਼ਨਲ ਪੱਧਰ ਦੀ ਟ੍ਰੇਨਿੰਗ ਹਾਸਲ ਕੀਤੀ ਅਤੇ ਇੰਟਰਨੈਸ਼ਨਲ ਰੈਂਕਿੰਗ ਨੂੰ ਦੋਬਾਰਾ ਪਾਉਣ ਲਈ ਸਖ਼ਤ ਸੰਘਰਸ਼ ਵੀ ਕੀਤਾ