ਸਿੰਗਾਪੁਰ : ਸਿੰਗਾਪੁਰ ਦੀਆਂ ਆਮ ਚੋਣਾਂ ਵਿੱਚ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਦੀ ਪੀਪਲਜ਼ ਐਕਸ਼ਨ ਪਾਰਟੀ (PAP) ਨੇ ਸ਼ਾਨਦਾਰ ਜਿੱਤ ਹਾਸਲ ਕੀਤੀ। ਉਸ ਨੇ 97 ਸੰਸਦੀ ਸੀਟਾਂ ਵਿੱਚੋਂ 87 ‘ਤੇ ਜਿੱਤ ਪ੍ਰਾਪਤ ਕੀਤੀ। ਅਮਰੀਕੀ ਵਪਾਰ ਟੈਰਿਫਾਂ ਕਾਰਨ ਵਿਸ਼ਵ ਅਰਥਵਿਵਸਥਾ ਵਿੱਚ ਅਨਿਸ਼ਚਿਤਤਾਵਾਂ ਦੇ ਵਿਚਕਾਰ ਵੋਂਗ ਅਤੇ ਪੀਏਪੀ ਨੂੰ ਆਮ ਚੋਣਾਂ ਤੋਂ ਨਵਾਂ ਫ਼ਤਵਾ ਮਿਲਿਆ ਹੈ। ਸਿੰਗਾਪੁਰ ਦੀ ਸਭ ਤੋਂ ਪੁਰਾਣੀ ਅਤੇ ਸਭ ਤੋਂ ਵੱਡੀ ਰਾਜਨੀਤਿਕ ਪਾਰਟੀ ਪੀਏਪੀ, 1965 ਵਿੱਚ ਆਜ਼ਾਦੀ ਤੋਂ ਬਾਅਦ ਸਿੰਗਾਪੁਰ ‘ਤੇ ਰਾਜ ਕਰ ਰਹੀ ਹੈ।
ਮਾਰਸਿਲਿੰਗ-ਯੂ ਟੀ ਗਰੁੱਪ ਰਿਪ੍ਰਜ਼ੈਂਟੇਸ਼ਨ ਕਾਂਸਟੀਚਿਊਂਸੀ (ਜੀਆਰਸੀ) ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਵੋਂਗ ਨੇ ਕਿਹਾ ਕਿ ਇਹ ਉਸਦਾ ਪਹਿਲਾ ਅਤੇ ਇੱਕ ਸ਼ਾਨਦਾਰ ਅਨੁਭਵ ਸੀ। ਉਨ੍ਹਾਂ ਵੋਟਰਾਂ ਲਈ ਸਖ਼ਤ ਮਿਹਨਤ ਕਰਨ ਦਾ ਵਾਅਦਾ ਕੀਤਾ।
ਇਸ ਚੋਣ ਨੂੰ ਪ੍ਰਧਾਨ ਮੰਤਰੀ ਲਾਰੈਂਸ ਵੋਂਗ ਲਈ ਪਹਿਲੀ ਮਹੱਤਵਪੂਰਨ ਪ੍ਰੀਖਿਆ ਵਜੋਂ ਦੇਖਿਆ ਜਾ ਰਿਹਾ ਹੈ, ਜਿਨ੍ਹਾਂ ਨੇ ਪਿਛਲੇ ਸਾਲ ਅਹੁਦਾ ਸੰਭਾਲਿਆ ਸੀ। ਉਹ ਪੀਏਪੀ ਦੀ ਅਗਵਾਈ ਕਰਦੇ ਹਨ, ਜੋ ਆਜ਼ਾਦੀ ਤੋਂ ਬਾਅਦ ਸਿੰਗਾਪੁਰ ‘ਤੇ ਰਾਜ ਕਰ ਰਿਹਾ ਹੈ। ਚੋਣ ਵਿਭਾਗ (ਈਐੱਲਡੀ) ਨੇ ਕਿਹਾ ਕਿ ਸਿੰਗਾਪੁਰ ਦੇ ਵੋਟਰਾਂ ਨੇ ਦੇਸ਼ ਦੇ ਭਵਿੱਖ ਦੇ ਰਾਜਨੀਤਿਕ ਭਵਿੱਖ ਦਾ ਫੈਸਲਾ ਕਰਨ ਲਈ 1,240 ਪੋਲਿੰਗ ਸਟੇਸ਼ਨਾਂ ‘ਤੇ 97 ਸੰਸਦੀ ਸੀਟਾਂ ਵਿੱਚੋਂ 92 ਲਈ ਆਪਣੀਆਂ ਵੋਟਾਂ ਪਾਈਆਂ। ਦੇਸ਼ ਵਿੱਚ 27,58,846 ਰਜਿਸਟਰਡ ਵੋਟਰ ਹਨ।