ਚੰਡੀਗੜ੍ਹ: ਰਾਮਦਰਬਾਰ ਦੇ ਹਾਥੀ ਪਾਰਕ ਦੇ ਕੋਲ ਆਟੋ ਚਾਲਕ ਨੂੰ ਰੋਕ ਕੇ ਚਾਕੂ ਮਾਰਨ ਦੇ ਮਾਮਲੇ ‘ਚ ਫ਼ਰਾਰ ਮੁਲਜ਼ਮ ਨੂੰ ਸੈਕਟਰ-31 ਥਾਣਾ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਫੜ੍ਹੇ ਗਏ ਮੁਲਜ਼ਮ ਦੀ ਪਛਾਣ ਰਾਮਦਰਬਾਰ ਨਿਵਾਸੀ ਵਿਕਰਮ ਦੇ ਰੂਪ ਵਿਚ ਹੋਈ। ਸੈਕਟਰ-31 ਥਾਣਾ ਪੁਲਸ ਨੇ ਫੜ੍ਹੇ ਗਏ ਮੁਲਜ਼ਮ ਨੂੰ ਬੁੱਧਵਾਰ ਜ਼ਿਲ੍ਹਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 2 ਦਿਨ ਦੇ ਪੁਲਸ ਰਿਮਾਂਡ ’ਤੇ ਭੇਜ ਦਿੱਤਾ।
20 ਅਕਤੂਬਰ 2024 ਨੂੰ ਰਾਮਦਰਬਾਰ ਨਿਵਾਸੀ ਸਾਹਿਲ ਨੇ ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਸੀ ਕਿ ਉਹ ਆਪਣਾ ਆਟੋ ਲੈ ਕੇ ਰਾਮ ਦਰਬਾਰ ਆ ਰਿਹਾ ਸੀ। ਜਦੋਂ ਉਹ ਹਾਥੀ ਪਾਰਕ ਦੇ ਕੋਲ ਪਹੁੰਚਿਆ ਤਾਂ ਵੰਸ਼ੂ ਅਤੇ ਵਿਕਰਮ ਸਣੇ ਚਾਰ ਨੌਜਵਾਨਾਂ ਨੇ ਉਸ ਦਾ ਰਾਹ ਰੋਕ ਕੇ ਜਾਨਲੇਵਾ ਹਮਲਾ ਕੀਤਾ ਸੀ। ਹਮਲਾਵਰ ਉਸ ਨੂੰ ਚਾਕੂ ਨਾਲ ਲਹੂ-ਲੁਹਾਨ ਕਰਕੇ ਫ਼ਰਾਰ ਹੋ ਗਏ ਸੀ। ਸੈਕਟਰ-31 ਥਾਣਾ ਪੁਲਸ ਨੇ ਵੰਸ਼ੂ, ਵਿਕਰਮ ਸਣੇ ਚਾਰ ਨੌਜਵਾਨਾਂ ’ਤੇ ਮਾਮਲਾ ਦਰਜ ਕੀਤਾ ਸੀ। ਸੈਕਟਰ-31 ਥਾਣਾ ਇੰਚਾਰਜ ਰਾਜੀਵ ਕੁਮਾਰ ਨੇ ਮੁਲਜ਼ਮਾਂ ਨੂੰ ਫੜ੍ਹਨ ਦੇ ਲਈ ਸਪੈਸ਼ਲ ਟੀਮ ਬਣਾਈ ਸੀ। ਪੁਲਸ ਟੀਮ ਨੇ ਮਾਮਲੇ ਦੀ ਜਾਂਚ ਕਰਦੇ ਹੋਏ ਇਕ ਚਾਕੂਬਾਜ ਵਿਕਰਮ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਸ ਫ਼ਰਾਰ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।