ਬੇਗੋਵਲ – ਐੱਸ.ਐੱਸ.ਪੀ. ਕਪੂਰਥਲਾ ਗੌਰਵ ਤੂਰਾ ਦੇ ਦਿਸ਼ਾ – ਨਿਰਦੇਸ਼ਾਂ ਹੇਠ ਥਾਣਾ ਬੇਗੋਵਾਲ ਦੀ ਪੁਲਸ ਨੇ ਮੋਟਰਸਾਈਕਲ ਚੋਰਾਂ ਖਿਲਾਫ ਸ਼ਿਕੰਜਾ ਕੱਸਦੇ ਹੋਏ ਮੋਟਰਸਾਈਕਲ ਚੋਰੀ ਦੇ ਮਾਮਲੇ ਵਿਚ ਵੱਡੀ ਪ੍ਰਾਪਤੀ ਕੀਤੀ ਹੈ, ਜਿਸ ਦੌਰਾਨ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਚੋਰੀ ਦੇ 10 ਮੋਟਰਸਾਈਕਲ ਬਿਨਾਂ ਨੰਬਰ ਤੋਂ ਬਰਾਮਦ ਕੀਤੇ ਹਨ।
ਇਹ ਜਾਣਕਾਰੀ ਡੀ.ਐੱਸ.ਪੀ. ਭੁਲੱਥ ਕਰਨੈਲ ਸਿੰਘ ਨੇ ਅੱਜ ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਦਿੱਤੀ। ਉਨ੍ਹਾਂ ਦਸਿਆ ਕਿ ਬੇਗੋਵਾਲ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਸਲਾਨਾ ਬਰਸੀ ਦੌਰਾਨ ਮੇਲੇ ਵਿਚੋਂ ਚੋਰੀ ਹੋਏ ਮੋਟਰਸਾਈਕਲਾਂ ਸੰਬੰਧੀ ਐੱਸ.ਐੱਚ.ਓ. ਬੇਗੋਵਾਲ ਹਰਜਿੰਦਰ ਸਿੰਘ ਵੱਲੋਂ ਏ.ਐੱਸ.ਆਈ. ਅਰਵਿੰਦਰਜੀਤ ਸਿੰਘ ਸਮੇਤ ਪੁਲਸ ਕਾਰਵਾਈ ਅਮਲ ਵਿਚ ਲਿਆਂਦੀ ਗਈ। ਜਿਸ ਦੌਰਾਨ ਸੀ.ਸੀ.ਟੀ.ਵੀ. ਫੁਟੇਜ ਦੇ ਅਧਾਰ ‘ਤੇ ਗੁਰਸੇਵਕ ਸਿੰਘ ਉਰਫ ਕਰਨਦੀਪ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਭਰਥ ਥਾਣਾ ਸ੍ਰੀ ਹਰਗੋਬਿੰਦਪੁਰ ਜ਼ਿਲ੍ਹਾ ਗੁਰਦਾਸਪੁਰ ਨੂੰ ਸ਼ਨਾਖਤ ਕੀਤਾ ਗਿਆ।
ਡੀ.ਐੱਸ.ਪੀ. ਭੁਲੱਥ ਨੇ ਦਸਿਆ ਕਿ ਇਸੇ ਦੌਰਾਨ ਮੁਖਬਰ ਖਾਸ ਨੇ ਪੁਲਸ ਨੂੰ ਇਤਲਾਹ ਦਿੱਤੀ ਉਕਤ ਵਿਅਕਤੀ ਗੁਰਸੇਵਕ ਸਿੰਘ ਉਰਫ ਕਰਨਦੀਪ ਸਿੰਘ ਚੋਰੀ ਦੇ ਮੋਟਰਸਾਈਕਲ ‘ਤੇ ਸਵਾਰ ਹੋ ਕੇ ਅਕਬਰਪੁਰ ਵੱਲੋਂ ਬੇਗੋਵਾਲ ਨੂੰ ਆ ਰਿਹਾ ਹੈ। ਜਿਸ ਨੂੰ ਐੱਸ.ਐੱਚ.ਓ. ਬੇਗੋਵਾਲ ਹਰਜਿੰਦਰ ਸਿੰਘ ਅਤੇ ਏ.ਐੱਸ.ਆਈ. ਅਰਵਿੰਦਰਜੀਤ ਸਿੰਘ ਵੱਲੋਂ ਰਸਤੇ ਵਿਚ ਟਾਊਨ ਹਾਰਟ ਬੇਗੋਵਾਲ ਨੇੜੇ ਚੋਰੀ ਸ਼ੁਦਾ ਮੋਟਰਸਾਈਕਲ ਸਮੇਤ ਕਾਬੂ ਕਰਕੇ, ਉਸ ਪਾਸੋਂ ਚੋਰੀ ਸ਼ੁਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਸ ਦੌਰਾਨ ਮੁਢਲੀ ਪੁੱਛਗਿੱਛ ਤੋਂ ਬਾਅਦ ਇਸ ਵਿਅਕਤੀ ਦੀ ਨਿਸ਼ਾਨਦੇਹੀ ‘ਤੇ 9 ਹੋਰ ਚੋਰੀ ਕੀਤੇ ਮੋਟਰਸਾਈਕਲ ਬਰਾਮਦ ਕੀਤੇ ਗਏ। ਜੋ ਕਿ ਬਿਨਾਂ ਨੰਬਰ ਤੋਂ ਹਨ।