ਬੈਂਗਲੁਰੂ — ਕਰਨਾਟਕ ਸਰਕਾਰ ਬੁਲਡੋਜ਼ਰਾਂ ਨਾਲ 400 ਤੋਂ ਵੱਧ ਮਕਾਨ ਢਾਹ ਕੇ ਵਿਵਾਦਾਂ ’ਚ ਘਿਰ ਗਈ ਹੈ। ਸੈਂਕੜੇ ਵਿਅਕਤੀ, ਜਿਨ੍ਹਾਂ ‘ਚੋਂ ਵਧੇਰੇ ਮੁਸਲਿਮ ਭਾਈਚਾਰੇ ਦੇ ਹਨ, ਬੇਘਰ ਹੋ ਗਏ ਹਨ। ਇਸ ਹਫ਼ਤੇ ਦੇ ਸ਼ੁਰੂ ’ਚ ਹੋਏ ਉਕਤ ਐਕਸ਼ਨ ਨੇ ਸਿਆਸੀ ਮਾਹੌਲ ਭਖਾ ਦਿੱਤਾ ਹੈ। ਇਸ ਨਾਲ ਸੱਤਾਧਾਰੀ ਕਾਂਗਰਸ ਪਾਰਟੀ ਤੇ ਕੇਰਲ ਦੇ ਖੱਬੇ ਮੋਰਚੇ ਦੀ ਇਕਾਈ ਦਰਮਿਆਨ ਸ਼ਬਦੀ ਜੰਗ ਛਿੜ ਗਈ ਹੈ।
ਜਾਣਕਾਰੀ ਮੁਤਾਬਕ ਢਾਹੁਣ ਦੀ ਇਹ ਕਾਰਵਾਈ 22 ਦਸੰਬਰ ਨੂੰ ਤੜਕੇ 4 ਵਜੇ ਕੋਗਿਲੂ ਪਿੰਡ ਦੀ ਫਕੀਰ ਕਾਲੋਨੀ ਤੇ ਵਸੀਮ ਲੇਅ-ਆਊਟ ’ਚ ਹੋਈ। ਕਾਰਵਾਈ ਉਦੋਂ ਹੋਈ, ਜਦੋਂ ਸ਼ਹਿਰ ਸਾਲ ਦੇ ਸਭ ਤੋਂ ਠੰਢੇ ਮੌਸਮ ਦਾ ਸਾਹਮਣਾ ਕਰ ਰਿਹਾ ਸੀ। ਕਰਨਾਟਕ ਸਰਕਾਰ ਨੇ ਕਿਹਾ ਕਿ ਘਰ ਉਰਦੂ ਸਰਕਾਰੀ ਸਕੂਲ ਨੇੜੇ ਇਕ ਝੀਲ ਦੇ ਕੰਢੇ ਸਰਕਾਰੀ ਜ਼ਮੀਨ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਏ ਗਏ ਸਨ। ਹਾਲਾਂਕਿ, ਵਸਨੀਕਾਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਕੋਈ ਪਹਿਲਾਂ ਸੂਚਨਾ ਨਹੀਂ ਮਿਲੀ ਸੀ।
ਕੇਰਲ ਦੇ ਮੁੱਖ ਮੰਤਰੀ ਨੇ ਐਕਸ਼ਨ ਦੀ ਨਿੰਦਾ ਕੀਤੀ
ਕੇਰਲ ਦੇ ਮੁੱਖ ਮੰਤਰੀ ਪਿਨਾਰਾਈ ਵਿਜਯਨ ਨੇ ਇਸ ਐਕਸ਼ਨ ਲਈ ਕਾਂਗਰਸ ਦੀ ਨਿੰਦਾ ਕੀਤੀ ਤੇ ਇਸ ਨੂੰ ਘੱਟਗਿਣਤੀ ਵਿਰੋਧੀ ਸਿਆਸਤ ਕਿਹਾ। ਇੰਸਟਾਗ੍ਰਾਮ ’ਤੇ ਇਕ ਪੋਸਟ ’ਚ ਵਿਜਯਨ ਨੇ ਕਿਹਾ ਕਿ ਇਹ ਦੁਖਦਾਈ ਹੈ ਕਿ ਸੰਘ ਪਰਿਵਾਰ ਦੀ ਘੱਟਗਿਣਤੀ ਵਿਰੋਧੀ ਸਿਆਸਤ ਹੁਣ ਕਰਨਾਟਕ ’ਚ ਕਾਂਗਰਸ ਸਰਕਾਰ ਅਧੀਨ ਲਾਗੂ ਕੀਤੀ ਜਾ ਰਹੀ ਹੈ। ਜਦੋਂ ਕੋਈ ਸਰਕਾਰ ਡਰ ਤੇ ਜ਼ਬਰਦਸਤੀ ਨਾਲ ਰਾਜ ਕਰਦੀ ਹੈ ਤਾਂ ਸੰਵਿਧਾਨਕ ਕਦਰਾਂ-ਕੀਮਤਾਂ ਤੇ ਮਨੁੱਖੀ ਸ਼ਾਨ ਸਭ ਤੋਂ ਪਹਿਲਾਂ ਪੀੜਤ ਹੁੰਦੀ ਹੈ।

