ਨੈਸ਼ਨਲ : ਹਵਾ ਪ੍ਰਦੂਸ਼ਣ ਦਿੱਲੀ ਵਾਸੀਆਂ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣ ਗਿਆ ਹੈ। ਰਾਜਧਾਨੀ ਦੀ ਹਵਾ ਇੰਨੀ ਖ਼ਰਾਬ ਹੋ ਗਈ ਹੈ ਕਿ ਲੋਕਾਂ ਨੂੰ ਸਾਹ ਲੈਣਾ ਔਖਾ ਹੋ ਰਿਹਾ ਹੈ। ਆਨੰਦ ਵਿਹਾਰ ਦੇ ਆਲੇ-ਦੁਆਲੇ ਹਵਾ ਗੁਣਵੱਤਾ ਸੂਚਕਾਂਕ (AQI) 405 ਤੱਕ ਪਹੁੰਚ ਗਿਆ ਹੈ, ਜਿਸ ਨੂੰ ਗੰਭੀਰ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਅਨੁਸਾਰ ਅੱਜ ਸਵੇਰੇ ਅਕਸ਼ਰਧਾਮ ਮੰਦਰ ਦਾ ਏਕਿਊਆਈ 361, ਬਵਾਨਾ 392, ਰੋਹਿਣੀ 380, ਆਈਟੀਓ 357, ਦਵਾਰਕਾ ਸੈਕਟਰ-8 ਦਾ 335 ਅਤੇ ਮੁੰਡਕਾ 356 ਦਰਜ ਕੀਤਾ ਗਿਆ ਹੈ। ਸ਼ਨੀਵਾਰ ਨੂੰ ਹਵਾ ਦੀ ਦਿਸ਼ਾ ਅਤੇ ਰਫਤਾਰ ‘ਚ ਬਦਲਾਅ ਕਾਰਨ ਪ੍ਰਦੂਸ਼ਣ ਦਾ ਪੱਧਰ ਥੋੜ੍ਹਾ ਘਟਿਆ।
ਇਸ ਦੇ ਨਾਲ ਹੀ ਦਿੱਲੀ ਟੈਕਨੋਲੋਜੀਕਲ ਯੂਨੀਵਰਸਿਟੀ (ਡੀਟੀਯੂ), ਅਸ਼ੋਕ ਵਿਹਾਰ ਅਤੇ ਆਈਟੀਓ ਸਮੇਤ 20 ਖੇਤਰਾਂ ਵਿੱਚ ਹਵਾ ਖ਼ਰਾਬ ਸ਼੍ਰੇਣੀ ਵਿੱਚ ਸੀ।ਇੰਡੀਅਨ ਇੰਸਟੀਚਿਊਟ ਆਫ ਟ੍ਰੋਪਿਕਲ ਮੀਟਿਓਰੌਲੋਜੀ (ਆਈਆਈਟੀਐੱਮ) ਮੁਤਾਬਕ ਸ਼ਨੀਵਾਰ ਨੂੰ 8 ਤੋਂ 12 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਤਰ-ਪੂਰਬ ਦਿਸ਼ਾ ਤੋਂ ਹਵਾ ਚੱਲੀ। ਐਤਵਾਰ ਨੂੰ ਪੂਰਬ ਤੋਂ ਉੱਤਰ-ਪੱਛਮ ਵੱਲ ਹਵਾ ਚੱਲਣ ਦੀ ਸੰਭਾਵਨਾ ਹੈ, ਜਿਸ ਦੀ ਰਫ਼ਤਾਰ 6 ਤੋਂ 10 ਕਿਲੋਮੀਟਰ ਪ੍ਰਤੀ ਘੰਟਾ ਰਹਿਣ ਦੀ ਸੰਭਾਵਨਾ ਹੈ। ਦਿੱਲੀ ਵਾਸੀਆਂ ਨੂੰ ਅਗਲੇ ਛੇ ਦਿਨਾਂ ਵਿੱਚ ਹਵਾ ਦੀ ਖ਼ਰਾਬ ਗੁਣਵੱਤਾ ਦਾ ਸਾਹਮਣਾ ਕਰਨਾ ਪਵੇਗਾ। CPCB ਨੇ ਭਵਿੱਖਬਾਣੀ ਕੀਤੀ ਹੈ ਕਿ AQI 300 ਤੋਂ ਉੱਪਰ ਰਹਿ ਸਕਦਾ ਹੈ, ਜੋ ਹਵਾ ਪ੍ਰਦੂਸ਼ਣ ਨੂੰ ਹੋਰ ਵਧਾਏਗਾ।