ਇੱਕ ਪਾਸੇ ਅਮਰੀਕਾ ’ਚ ਰਾਸ਼ਟਰਪਤੀ ਚੋਣਾਂ ਨੂੰ ਲੈ ਕੇ ਬਾਇਡੇਨ ਅਤੇ ਟਰੰਪ ਵਿਚਾਲੇ ਜ਼ੋਰਦਾਰ ਟੱਕਰ ਦੇਖਣ ਨੂੰ ਮਿਲ ਰਹੀ ਹੈ। ਦੂਜੇ ਪਾਸੇ ਅਪਰਾਧਿਕ ਮਾਮਲਿਆਂ ਦਾ ਸਾਹਮਣਾ ਕਰ ਰਹੇ ਸਾਬਕਾ ਰਾਸ਼ਟਰਪਤੀ ਡੌਨਾਲਡ ਟਰੰਪ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਕਿਉਂਕਿ ਅਮਰੀਕੀ ਪੋਰਨ ਸਟਾਰ ਸਟੋਰਮੀ ਡੇਨੀਅਲਸ ਨੇ ਟਰੰਪ ’ਤੇ ਕਈ ਗੰਭੀਰ ਦੋਸ਼ ਲਗਾਏ ਹਨ। ਸਟੋਰਮੀ ਡੇਨੀਅਲਸ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ ਟਰੰਪ ਖ਼ਿਲਾਫ਼ ਗਵਾਹੀ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ।
ਦਰਅਸਲ ਅਮਰੀਕਾ ਦੀ ਅਦਾਲਤ ’ਚ ਟਰੰਪ ਖਿਲਾਫ ਗੁਪਤ ਭੁਗਤਾਨ ਸੰਬੰਧੀ ਧੋਖਾਧੜੀ ਦੇ ਇੱਕ ਮਾਮਲੇ ’ਚ ਸੁਣਵਾਈ ਚੱਲ ਰਹੀ ਹੈ। ਮਾਮਲੇ ਮੁਤਾਬਕ ਇਲਜ਼ਾਮ ਹੈ ਕਿ ਟਰੰਪ ਨੇ ਡੇਨੀਅਲਸ ਨਾਲ ਜਿਨਸੀ ਸੰਬੰਧ ਲੁਕਾਉਣ ਲਈ ਡੇਨੀਅਲਸ ਨੂੰ 1.3 ਮਿਲੀਅਨ ਡਾਲਰ ਦਾ ਭੁਗਤਾਨ ਕੀਤਾ ਅਤੇ 2016 ਦੀਆਂ ਰਾਸ਼ਟਰਪਤੀ ਚੋਣਾਂ ਦੌਰਾਨ ਪੋਰਨ ਸਟਾਰ ਨੂੰ ਚੁੱਪ ਰਹਿਣ ਲਈ ਕਿਹਾ। ਹਾਲਾਂਕਿ ਟਰੰਪ ਅਤੇ ਉਨ੍ਹਾਂ ਦੇ ਸਮਰਥਕਾਂ ਨੇ ਪੋਰਨ ਸਟਾਰ ਦੇ ਇਨ੍ਹਾਂ ਦੋਸ਼ਾਂ ਨੂੰ ਝੂਠਾ ਕਹਿ ਕੇ ਰੱਦ ਕਰ ਦਿੱਤਾ ਹੈ।
ਹੁਣ ਇਸ ਮਾਮਲੇ ’ਚ ਟਰੰਪ ਵਿਰੁੱਧ ਆਵਾਜ਼ ਉਠਾਉਣ ਵਾਲੀ ਸਟੋਰਮੀ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਸਟੋਰਮੀ ਨੇ ਦਾਅਵਾ ਕੀਤਾ ਹੈ ਕਿ ਟਰੰਪ ਵਿਰੁੱਧ ਗਵਾਹੀ ਦੇਣ ਤੋਂ ਬਾਅਦ ਉਸਨੂੰ ਜਾਨੋਂ ਮਾਰਨੀ ਦੀਆਂ ਧਮਕੀਆਂ ਮਿਲ ਰਹੀਆਂ ਹਨ। ਗਾਲੀ ਗਲੋਚ ਦੇ ਨਾਲ ਹੋਰ ਵੀ ਬੁਰਾ-ਭਲਾ ਕਿਹਾ ਜਾ ਰਿਹਾ ਹੈ। ਇਹ ਧਮਕੀਆਂ ਸੋਸ਼ਲ ਮੀਡੀਆ ਰਾਹੀ ਦਿੱਤੀਆਂ ਜਾ ਰਹੀਆਂ ਹਨ। ਸਟੋਰਮੀ ਨੇ ਕਿਹਾ ਹੈ ਕਿ ਇਹ ਧਮਕੀਆਂ ਕਿਸੇ ਬੋਟ ਅਕਾਊਟ ਤੋਂ ਨਹੀਂ ਬਲਕਿ ਅਸਲੀ ਅਕਾਊਟ ਤੋਂ ਮਿਲ ਰਹੀਆਂ ਹਨ। ਇੱਕ ਯੂਜ਼ਰ ਨੇ ਲਿਖਿਆ ਹੈ ‘ਮੈਨੂੰ ਤੁਹਾਡਾ ਗਲਾ ਵੱਢਣ ਲਈ ਤੁਹਾਡੇ ਘਰ ਆਉਣ ਦਿਓ।’
ਜ਼ਿਕਰਯੋਗ ਹੈ ਕਿ ਅਮਰੀਕਾ ’ਚ ਇਸ ਸਾਲ 5 ਨਵੰਬਰ ਨੂੰ ਚੋਣਾਂ ਹੋਣੀਆਂ ਹਨ। ਸਟੋਰਮੀ ਡੇਨੀਅਲਸ ਨੇ ਚਿੰਤਾ ਜਤਾਈ ਹੈ ਕਿ ਟੰਰਪ ਰਾਸ਼ਟਰਪਤੀ ਬਣ ਸਕਦੇ ਹਨ। ਜੇਕਰ ਟਰੰਪ ਰਾਸ਼ਟਰਪਤੀ ਬਣਦੇ ਹਨ ਤਾਂ ਮੇਰੀਆਂ ਮੁਸ਼ਕਿਲਾਂ ਵੱਧ ਜਾਣਗੀਆਂ।