ਉੱਤਰ ਪ੍ਰਦੇਸ਼ ਦੇ ਬਰੇਲੀ ਸ਼ਹਿਰ ’ਚ ਖ਼ਾਲਿਸਤਾਨ ਲਹਿਰ ਦੇ ਪੱਖ ’ਚ ਪੋਸਟਰ ਪਾਏ ਜਾਣ ’ਤੇ ਪੁਲਿਸ ਨੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ਼ ਕੀਤਾ ਹੈ। ਇਹ ਪੋਸਟਰ ਬਰੇਲੀ ਸ਼ਹਿਰ ਦੇ ਮਾਡਲ ਟਾਊਨ ਅਤੇ ਜਨਕਪੁਰੀ ’ਚ ਸਥਿਤ ਗੁਰਦੁਆਰਿਆਂ ਵਿੱਚ ਲੱਗੇ ਹੋਏ ਹਨ ਜਿਨ੍ਹਾਂ ਵਿੱਚ ਖ਼ਾਲਿਸਤਾਨੀ ਲਹਿਰ ਦੀ ਅਗਵਾਈ ਕਰਨ ਵਾਲੇ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਲੱਗੀਆਂ ਹੋਈਆਂ ਹਨ।
ਬਰੇਲੀ ਦੇ ਐਸਪੀ (ਸਿਟੀ) ਰਾਹੁਲ ਭਾਟੀ ਮੁਤਾਬਕ ਸ਼ਿਕਾਇਤ ਮਿਲਣ ਤੋਂ ਬਾਅਦ ਇਨ੍ਹਾਂ ਪੋਸਟਰਾਂ ਨੂੰ ਧਾਰਮਿਕ ਸਥਾਨ ਤੋਂ ਹਟਾ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਮਾਡਲ ਟਾਊਨ ਚੌਕੀ ਇੰਚਾਰਜ ਵੈਭਵ ਗੁਪਤਾ ਨੇ ਦੱਸਿਆ ਕਿ 1984 ਦੇ ਸਿੱਖ ਕਤਲੇਆਮ ਦੇ ਸਬੰਧ ਵਿੱਚ 1 ਜੂਨ ਨੂੰ ਮਾਡਲ ਟਾਊਨ ਗੁਰਦੁਆਰੇ ਵਿੱਚ ਸ਼ਹੀਦੀ ਦਿਵਸ ਮਨਾਇਆ ਗਿਆ ਸੀ ਅਤੇ ਇਸ ਮੌਕੇ ਲਗਾਏ ਗਏ ਪੋਸਟਰਾਂ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ, ਅਮਰੀਕ ਸਿੰਘ ਅਤੇ ਜਨਰਲ ਸੁਬੇਗ ਸਿੰਘ ਦੀਆਂ ਫੋਟੋਆਂ ਸੀ। ਫੋਟੋਆਂ ’ਚ ਉਨ੍ਹਾਂ ਨੂੰ ਸ਼ਹੀਦ ਦੱਸਿਆ ਗਿਆ ਸੀ।
ਪੁਲੀਸ ਜਾਂਚ ਮੁਤਾਬਕ ਇਹ ਪੋਸਟਰ ਮਾਡਲ ਟਾਊਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋਂ ਛਪਾਏ ਗਏ ਸੀ। ਫਿਲਹਾਲ ਭਾਰਤੀ ਦੰਡਾਵਲੀ ਦੀ ਧਾਰਾ 153 ਬੀ 1 (ਸੀ) (ਦੋ ਸਮੂਹ ਜਾਂ ਏ) ਦੀ ਧਾਰਾ ਤਹਿਤ ਕੇਸ ਦਰਜ਼ ਕੀਤਾ ਗਿਆ ਹੈ। ਦੂਜੇ ਪਾਸੇ ਮਲਿਕ ਸਿੰਘ ਕਾਲੜਾ ਨੇ ਦੱਸਿਆ ਕਿ 1984 ਦੇ ਦੰਗਿਆਂ ਦੇ ਸਬੰਧ ਵਿੱਚ 6 ਜੂਨ ਨੂੰ ਸ਼ਹੀਦੀ ਦਿਵਸ ਵਜੋਂ ਮਨਾਇਆ ਜਾਣਾ ਹੈ। ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਤਹਿਤ ਜਰਨੈਲ ਸਿੰਘ ਭਿੰਡਰਾਂਵਾਲੇ ਸਮੇਤ ਬਾਕੀ ਫੋਟੋਆਂ ਵਾਲੇ ਪੋਸਟਰ ਲਗਾਏ ਗਏ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਦੇ ਇਤਰਾਜ਼ ਮਗਰੋਂ ਇਨ੍ਹਾਂ ਪੋਸਟਰਾਂ ਨੂੰ ਹਟਾ ਦਿੱਤਾ ਗਿਆ ਹੈ।