ਲੁਧਿਆਣਾ : ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਦੇ ਡਿਫ਼ਾਲਟਰ ਖ਼ਪਤਕਾਰ, ਜਿਨ੍ਹਾਂ ਦੇ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਦੇ ਕੁਨੈਕਸ਼ਨ ਬਿਜਲੀ ਬਿੱਲਾਂ ਦੀ ਅਦਾਇਗੀ ਨਾ ਕਰਨ ਕਾਰਨ ਵਿਭਾਗ ਵਲੋਂ ਕੱਟ ਦਿੱਤੇ ਗਏ ਹਨ, ਅਜਿਹੇ ਡਿਫ਼ਾਲਟਰਾਂ ’ਤੇ ਤਰਸ ਖਾ ਕੇ ਉਨ੍ਹਾਂ ਨੂੰ ਆਪਣੇ ਮੀਟਰਾਂ ਤੋਂ ਬਿਜਲੀ ਦੀ ਸਪਲਾਈ ਦੇਣ ਵਾਲੇ ਗੁਆਂਢੀਆਂ ਨੂੰ ਵੱਡਾ ਝਟਕਾ ਲੱਗਿਆ ਹੈ। ਪਾਵਰਕਾਮ ਨੇ ਪੰਜਾਬ ਭਰ ’ਚ ਅਜਿਹੇ ਸਾਰੇ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੀ ਚੈਕਿੰਗ ਕਰਵਾਉਣ ਲਈ ਵਿਭਾਗੀ ਕਰਮਚਾਰੀਆਂ ਦੀਆਂ ਵੱਖ-ਵੱਖ ਟੀਮਾਂ ਨੂੰ ਸੜਕਾਂ, ਗਲੀਆਂ ’ਚ ਭੇਜ ਦਿੱਤਾ ਹੈ, ਜੋ ਵਿਭਾਗ ਦੇ ਬਕਾਇਆ ਬਿਜਲੀ ਬਿੱਲ ਦੀ ਰਕਮ ਜਮ੍ਹਾਂ ਕਰਵਾਉਣ ਦੀ ਬਜਾਏ ਗੁਆਂਢੀਆਂ ਅਤੇ ਰਿਸ਼ਤੇਦਾਰਾਂ ਦੇ ਘਰਾਂ ’ਚ ਲਗਾਏ ਗਏ ਬਿਜਲੀ ਮੀਟਰਾਂ ਨਾਲ ਤਾਰਾਂ ਜੋੜ ਕੇ ਆਪਣੇ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ’ਚ ਬਿਜਲੀ ਦਾ ਜੁਗਾੜ ਕਰ ਰਹੇ ਹਨ।
ਅਜਿਹੇ ਸਾਰੇ ਗੁਆਂਢੀਆਂ ਖ਼ਿਲਾਫ਼ ਪਾਵਰਕਾਮ ਵਲੋਂ ਬਿਜਲੀ ਦੀ ਦੁਰਵਰਤੋਂ ਦੇ ਦੋਸ਼ਾਂ ਤਹਿਤ ਵੱਡਾ ਜੁਰਮਾਨਾ ਵਸੂਲਣ ਸਮੇਤ ਡਿਫ਼ਾਲਟਰ ਖ਼ਪਤਕਾਰਾਂ ਦੀ ਬਕਾਇਆ ਰਕਮ ਦੀ ਵਸੂਲੀ ਸਬੰਧੀ ਵੀ ਕਾਰਵਾਈ ਕੀਤੀ ਜਾਵੇਗੀ। ਚੀਫ਼ ਇੰਜੀਨੀਅਰ ਹਾਂਸ ਨੇ ਇਕ ਨਵਾਂ ਤਰੀਕਾ ਅਪਣਾਉਂਦੇ ਹੋਏ ਬਾਹਰੀ ਇਲਾਕਿਆਂ ਦੇ ਕਰਮਚਾਰੀਆਂ ਨੂੰ ਇਕ-ਦੂਜੇ ਦੇ ਇਲਾਕਿਆਂ ’ਚ ਚੈਕਿੰਗ ਕਰਨ ਲਈ ਭੇਜਿਆ ਹੈ, ਤਾਂ ਜੋ ਕਿਸੇ ਵੀ ਤਰ੍ਹਾਂ ਦੀ ਮਿਲੀ-ਭੁਗਤ ਜਾਂ ਫਿਰ ਲਾਪਰਵਾਹੀ ਸਾਹਮਣੇ ਨਾ ਆਵੇ ਅਤੇ ਦੋਸ਼ੀ ਪਾਏ ਜਾਣ ਵਾਲੇ ਲੋਕਾਂ ਖ਼ਿਲਾਫ਼ ਬਿਨਾਂ ਕਿਸੇ ਪੱਖਪਾਤ ਦੇ ਸਖ਼ਤ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਸਕੇ।