ਮੋਹਾਲੀ- ਮੋਹਾਲੀ ਪੁਲਸ ਵੱਲੋਂ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਤੋਂ ਬਾਅਦ ਸੋਮਵਾਰ ਦਿਨੇ 12 ਵਜੇ ਥਾਣਾ ਸਾਈਬਰ ਕ੍ਰਾਈਮ ਫੇਜ਼-7 ਵਿਖੇ ਉਨ੍ਹਾਂ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਸੀ। ਉਨ੍ਹਾਂ ਦੇ ਵਕੀਲ ਪ੍ਰਦੀਪ ਵਿਰਕ ਉਕਤ ਪੁਲਸ ਸਟੇਸ਼ਨ ’ਚ ਪਹੁੰਚੇ ਤੇ ਪੁਲਸ ਨਾਲ ਗੱਲਬਾਤ ਕਰਨ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਬਾਜਵਾ 15 ਅਪ੍ਰੈਲ ਮਤਲਬ ਕਿ ਅੱਜ ਦੁਪਹਿਰ 2 ਵਜੇ ਪੁਲਸ ਜਾਂਚ ’ਚ ਸ਼ਾਮਲ ਹੋਣਗੇ। ਪ੍ਰਤਾਪ ਸਿੰਘ ਬਾਜਵਾ ਖ਼ਿਲਾਫ਼ ਮੋਹਾਲੀ ਪੁਲਸ ਵੱਲੋਂ ਦਰਜ ਕੀਤੀ ਗਈ ਐੱਫ. ਆਈ. ਆਰ. ਦੀ ਕਾਪੀ ਹਾਸਲ ਕਰਨ ਲਈ ਉਨ੍ਹਾਂ ਦੇ ਵਕੀਲਾਂ ਨੂੰ ਅਦਾਲਤ ਦਾ ਦਰਵਾਜ਼ਾ ਖੜਕਾਉਣਾ ਪਿਆ। ਅਦਾਲਤ ਦੇ ਹੁਕਮਾਂ ਤੋਂ ਬਾਅਦ ਉਨ੍ਹਾਂ ਦੇ ਵਕੀਲਾਂ ਨੂੰ ਮੋਹਾਲੀ ਪੁਲਸ ਵੱਲੋਂ ਐੱਫ. ਆਈ. ਆਰ. ਦੀ ਕਾਪੀ ਮੁਹੱਈਆ ਕਰਵਾਈ ਗਈ। ਉਨ੍ਹਾਂ ਦੇ ਵਕੀਲ ਹਿੰਮਤ ਸਿੰਘ ਦਿਓਲ ਤੇ ਐੱਚ. ਐੱਸ. ਧਨੋਆ ਨੇ ਡਿਊਟੀ ਮੈਜਿਸਟ੍ਰੇਟ ਅਭੈ ਰਾਜਨ ਸ਼ੁਕਲਾ ਦੀ ਅਦਾਲਤ ’ਚ ਅਰਜ਼ੀ ਦਾਇਰ ਕਰ ਕੇ ਬਾਜਵਾ ਖ਼ਿਲਾਫ਼ ਦਰਜ ਕੀਤੀ ਗਈ ਐੱਫ. ਆਈ. ਆਰ. ਦੀ ਕਾਪੀ ਪੁਲਸ ਵੱਲੋਂ ਅਪਲੋਡ ਕਰਨ ਅਤੇ ਇਸ ਦੀ ਕਾਪੀ ਦੀ ਮੰਗ ਕੀਤੀ ਗਈ।
ਉਨ੍ਹਾਂ ਨੇ ਅਦਾਲਤ ਦੇ ਧਿਆਨ ’ਚ ਲਿਆਂਦਾ ਕਿ ਪੁਲਸ ਵੱਲੋਂ ਬਾਜਵਾ ਨੂੰ ਜਾਂਚ ’ਚ ਸ਼ਾਮਲ ਹੋਣ ਲਈ ਨੋਟਿਸ ਭੇਜਿਆ ਗਿਆ ਹੈ ਪਰ ਉਨ੍ਹਾਂ ਨੂੰ ਐੱਫ. ਆਈ. ਆਰ. ਦੀ ਕਾਪੀ ਹੀ ਨਹੀਂ ਦਿੱਤੀ ਗਈ, ਜਦੋਂ ਤੱਕ ਐੱਫ. ਆਈ. ਆਰ. ਦੀ ਕਾਪੀ ਉਨ੍ਹਾਂ ਨੂੰ ਨਹੀਂ ਮਿਲਦੀ, ਉਹ ਪੁਲਸ ਸਾਹਮਣੇ ਆਪਣੇ ਬਿਆਨ ਕਿਵੇਂ ਦਰਜ ਕਰਵਾ ਸਕਦੇ ਹਨ। ਅਦਾਲਤ ਨੇ ਬਾਜਵਾ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਪੁਲਸ ਨੂੰ ਹੁਕਮ ਦਿੱਤੇ ਕਿ ਉਹ ਬਾਜਵਾ ਖ਼ਿਲਾਫ਼ ਦਰਜ ਐੱਫ. ਆਈ. ਆਰ. ਦੀ ਕਾਪੀ ਪੋਰਟਲ ‘ਤੇ ਅਪਲੋਡ ਕਰਨ ਅਤੇ ਬਾਜਵਾ ਜਾਂ ਉਨ੍ਹਾਂ ਦੇ ਵਕੀਲਾਂ ਨੂੰ ਇਸ ਦੀ ਕਾਪੀ ਮੁਹੱਈਆ ਕਰਵਾਏ ਜਾਵੇ। ਬਾਜਵਾ ਦੇ ਵਕੀਲਾਂ ਵੱਲੋਂ ਐੱਫ. ਆਈ. ਆਰ. ਦੀ ਕਾਪੀ ਹਾਸਲ ਕਰਨ ਲਈ ਅਦਾਲਤ ’ਚ ਲਾਈ ਗਈ ਦਰਖ਼ਾਸਤ ਬਾਰੇ ਜਿਉਂ ਹੀ ਮੋਹਾਲੀ ਪੁਲਸ ਨੂੰ ਜਾਣਕਾਰੀ ਮਿਲੀ ਤਾਂ ਇਕ ਮਹਿਲਾ ਕਾਂਸਟੇਬਲ ਉੱਚ ਅਧਿਕਾਰੀ ਦੇ ਹੁਕਮਾਂ ’ਤੇ ਐੱਫ. ਆਈ. ਆਰ. ਦੀ ਕਾਪੀ ਲੈ ਕੇ ਤੁਰੰਤ ਡਿਊਟੀ ਮੈਜਿਸਟ੍ਰੇਟ ਦੀ ਅਦਾਲਤ ’ਚ ਪਹੁੰਚੀ ਤੇ ਉਕਤ ਕਾਪੀ ਨਾਇਬ ਕੋਰਟ ਨੂੰ ਸੌਂਪੀ ਗਈ