ਲੁਧਿਆਣਾ – ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਦੇ ਸਥਾਨਕ ਨੌਘਰਾ ਸਥਿਤ ਜਨਮ ਸਥਾਨ ਨੂੰ ਚੌੜਾ ਬਾਜ਼ਾਰ ਪੀ.ਐੱਨ.ਬੀ. ਬੈਂਕ ਵਾਲੀ ਗਲੀ ਤੋਂ ਸਿੱਧਾ ਰਸਤਾ ਦੇਣ ਅਤੇ ਨਵੀਨੀਕਰਨ ਹੋ ਰਹੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਦੇ ਨਾਮ ’ਤੇ ਰੱਖ ਕੇ ਸ਼ਹੀਦ ਨੂੰ ਮਾਣ ਸਨਮਾਨ ਦਿਵਾਉਣ ਵਿਚ ਦੇਰ ਹੋਣ ਦਾ ਮਾਮਲਾ ਭਾਰਤ ਦੇ ਰਾਸ਼ਟਰਪਤੀ ਦੇ ਦਰਬਾਰ ਪੁੱਜ ਗਿਆ।
ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਪੰਜਾਬ ਦੇ ਮੁੱਖ ਸੈਕਟਰੀ ਤੋਂ ਲਿਖਤੀ ਵਿਚ ਜਨਮ ਸਥਾਨ ਨੂੰ ਸਿੱਧਾ ਰਸਤਾ ਦੇਣ ਵਿਚ ਹੋ ਰਹੀ ਦੇਰ ਦੀ ਰਿਪੋਰਟ ਮੰਗੀ ਅਤੇ ਸ਼ਹੀਦ ਪਰਿਵਾਰ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਵੀ ਜਾਗਰੂਕ ਕਰਵਾ ਕੇ ਜਲਦ ਐਕਸ਼ਨ ਲੈਣ ਲਈ ਕਿਹਾ ਗਿਆ। ਵਰਣਨਯੋਗ ਹੈ ਕਿ ਸ਼ਹੀਦ ਸੁਖਦੇਵ ਥਾਪਰ ਮੈਮੋਰੀਅਲ ਟਰਸਟ ਨੇ ਸ਼ਹੀਦ ਸੁਖਦੇਵ ਦੇ ਜਨਮ ਸਥਾਨ ਨੂੰ ਸਿੱਧਾ ਰਸਤਾ ਪੀ.ਐੱਨ.ਬੀ. ਬੈਂਕ ਵਾਲੀ ਗਲੀ ਤੋਂ ਦੇਣ ਦੀ ਸਾਲਾਂ ਤੋਂ ਲਟਕਦੀ ਆ ਰਹੀ ਪ੍ਰਕਿਰਿਆ ’ਤੇ ਰਾਸ਼ਟਰਪਤੀ ਨੂੰ ਪੱਤਰ ਲਿਖਿਆ।
ਟਰਸਟ ਦੇ ਪ੍ਰਧਾਨ ਅਸ਼ੋਕ ਥਾਪਰ ਨੇ ਰਾਸ਼ਟਰਪਤੀ ਨੂੰ ਲਿਖੇ ਪੱਤਰ ਦੀ ਜਾਣਕਾਰੀ ਦਿੰਦੇ ਕਿਹਾ ਕਿ ਦੋ ਦਹਾਕਿਆਂ ਤੋਂ ਸਮੇਂ ਸਮੇਂ ਦੀਆਂ ਸਰਕਾਰਾਂ ਨੇ ਬਿਨਾਂ ਕਾਰਨ ਸਿੱਧਾ ਰਸਤਾ ਦੇਣ ਦੀ ਪ੍ਰਕਿਰਿਆ ਵਿਚ ਦੇਰ ਹੋ ਰਹੀ ਹੈ ਅਤੇ ਪਿਛਲੇ ਸਾਲ ਲੁਧਿਆਣਾ ਰੇਲਵੇ ਸਟੇਸ਼ਨ ਦਾ ਨਵੀਨੀਕਰਨ ਸ਼ੁਰੂ ਹੋਇਆ ਸੀ ਜੋ ਸ਼ਹੀਦ ਏ ਆਜ਼ਮ ਸੁਖਦੇਵ ਥਾਪਰ ਦੇ ਜਨਮ ਸਥਾਨ ਤੋਂ ਲਗਭਗ 1 ਕਿਲੋਮੀਟਰ ਦੂਰ ਹੈ। ਟਰਸਟ ਨੇ ਮੰਗ ਕੀਤੀ ਕਿ ਨਵੀਨੀਕਰਨ ਹੋ ਰਹੇ ਰੇਲਵੇ ਸਟੇਸ਼ਨ ਦਾ ਨਾਂ ਸ਼ਹੀਦ-ਏ-ਆਜ਼ਮ ਸੁਖਦੇਵ ਥਾਪਰ ਜੀ ਨੂੰ ਸਮਰਪਤ ਕਰਕੇ ਉਨ੍ਹਾਂ ਨੂੰ ਪੰਜਾਬ ਸਰਕਾਰ ਮਾਣ ਸਨਮਾਨ ਦੇਵੇ।