ਬਠਿੰਡਾ : ਰਾਸ਼ਟਰਪਤੀ ਦ੍ਰੋਪਦੀ ਮੁਰਮੂ 10ਵੇਂ ਕਨਵੋਕੇਸ਼ਨ ਸਮਾਰੋਹ ਲਈ ਅੱਜ ਸਵੇਰੇ ਕੇਂਦਰੀ ਯੂਨੀਵਰਸਿਟੀ ਪਹੁੰਚੇ। ਰਾਸ਼ਟਰਪਤੀ ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ, ਵਾਈਸ ਚਾਂਸਲਰ ਰਾਘਵੇਂਦਰ ਪ੍ਰਸਾਦ ਤਿਵਾੜੀ ਅਤੇ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਨਾਲ ਸਟੇਜ ‘ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਵਾਈਸ ਚਾਂਸਲਰ ਦੀ ਪ੍ਰਵਾਨਗੀ ਉਪਰੰਤ ਰਾਸ਼ਟਰੀ ਗੀਤ ਨਾਲ ਹੋਈ। ਇਸ ਮੌਕੇ ਸੁਸਾਇਟੀ ਦੇ ਵਾਈਸ ਚਾਂਸਲਰ ਅਤੇ ਕਈ ਯੂਨੀਵਰਸਿਟੀਆਂ ਦੇ ਅਧਿਆਪਕ ਪਹੁੰਚੇ। ਵਾਈਸ ਚਾਂਸਲਰ ਰਾਘਵੇਂਦਰ ਤਿਵਾੜੀ ਨੇ ਕਿਹਾ ਕਿ ਖੋਜ-ਮੁਖੀ ਨੀਤੀ ਅਤੇ ਅਤਿ-ਆਧੁਨਿਕ ਖੋਜ ਬੁਨਿਆਦੀ ਢਾਂਚਾ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਸ਼ਾਨਦਾਰ ਖੋਜ ਪ੍ਰਾਪਤੀਆਂ ਵੱਲ ਲੈ ਕੇ ਜਾਣ ‘ਚ ਮਦਦਗਾਰ ਸਾਬਤ ਹੋਏ ਹਨ। ਸਿਰਫ਼ 16 ਸਾਲਾਂ ਦੇ ਅਰਸੇ ‘ਚ ਯੂਨੀਵਰਸਿਟੀ ਦਾ ਸਕੋਪਸ ਸੂਚਕਾਂਕ 102 ਨੂੰ ਪਾਰ ਕਰ ਗਿਆ ਹੈ, ਜਦੋਂ ਕਿ ਸਕੋਪਸ-ਸੂਚੀਬੱਧ ਪੇਪਰਾਂ ‘ਚ ਖੋਜ ਪ੍ਰਕਾਸ਼ਨਾਂ ਦੀ ਗਿਣਤੀ ਵੱਧ ਕੇ 3,617 ਹੋ ਗਈ ਹੈ ਅਤੇ 79,509 ਤੋਂ ਵੱਧ ਹਵਾਲੇ ਸਕੋਪਸ ਡੇਟਾਬੇਸ ‘ਚ ਸੂਚੀਬੱਧ ਕੀਤੇ ਗਏ ਹਨ।
ਨਾਲ ਹੀ ਯੂਨੀਵਰਸਿਟੀ ਨੇ 101 ਕਰੋੜ ਰੁਪਏ ਤੋਂ ਵੱਧ ਦੀ ਕੁੱਲ ਪ੍ਰਵਾਨਿਤ ਖੋਜ ਗ੍ਰਾਂਟ ਰਾਸ਼ੀ ਦੇ ਨਾਲ 250 ਤੋਂ ਵੱਧ ਖੋਜ ਪ੍ਰਾਜੈਕਟ ਪ੍ਰਾਪਤ ਕੀਤੇ ਹਨ। ਇਹ ਵੀ ਯੂਨੀਵਰਸਿਟੀ ਦੀ ਉੱਤਮਤਾ ਦਾ ਪ੍ਰਮਾਣ ਹੈ ਕਿ ਇਸ ਦੇ 17 ਫੈਕਲਟੀ ਮੈਂਬਰਾਂ ਅਤੇ ਇੱਕ ਖੋਜ ਵਿਦਵਾਨ ਨੂੰ ਸਟੈਨਫੋਰਡ ਯੂਨੀਵਰਸਿਟੀ ਦੀ ‘ਟੌਪ ਇੰਟਰਨੈਸ਼ਨਲ ਸਾਇੰਟਿਸਟ’ ਸੂਚੀ (2024) ‘ਚ ਵਿਸ਼ਵ ਪੱਧਰ ‘ਤੇ ਮਾਨਤਾ ਮਿਲੀ ਹੈ। ਇਸ ਤੋਂ ਇਲਾਵਾ ਪ੍ਰੋ. ਰਾਜ ਕੁਮਾਰ ਨੂੰ ਭਾਰਤ ਦੇ ਰਾਸ਼ਟਰਪਤੀ ਵਲੋਂ ਵਿਜ਼ਿਟਰਸ ਐਵਾਰਡ 2023 (ਜੀਵ ਵਿਗਿਆਨ) ਨਾਲ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ 15ਵੀਂ ਅਤੇ 16ਵੀਂ ਨੈਸ਼ਨਲ ਯੂਥ ਪਾਰਲੀਮੈਂਟ ਮੁਕਾਬਲੇ ਜਿੱਤ ਕੇ ਆਪਣੀ ਉੱਤਮਤਾ ਦਾ ਸਬੂਤ ਦਿੱਤਾ ਹੈ।