Saturday, December 28, 2024

Become a member

Get the best offers and updates relating to Liberty Case News.

― Advertisement ―

spot_img
spot_img
HomeLatest Newsਗੁਰਦਾਸਪੁਰ ਤੋਂ ਹੁਣ ਤੱਕ ਜਿੰਨੇ ਵੀ ਉਮੀਦਵਾਰ ਆਏ, ਉਹ ਜਨਤਾ ਦੀਆਂ ਉਮੀਦਾਂ...

ਗੁਰਦਾਸਪੁਰ ਤੋਂ ਹੁਣ ਤੱਕ ਜਿੰਨੇ ਵੀ ਉਮੀਦਵਾਰ ਆਏ, ਉਹ ਜਨਤਾ ਦੀਆਂ ਉਮੀਦਾਂ ‘ਤੇ ਕਦੇ ਵੀ ਖਰਾ ਨਹੀਂ ਉੱਤਰੇ – ਮਾਨ

ਗੁਰਦਾਸਪੁਰ/ਚੰਡੀਗੜ੍ਹ, 16 ਮਈ – ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਗੁਰਦਾਸਪੁਰ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸ਼ੈਰੀ ਕਲਸੀ ਲਈ ਚੋਣ ਪ੍ਰਚਾਰ ਕੀਤਾ। ਭਗਵੰਤ ਮਾਨ ਨੇ ਇੱਥੇ ਪ੍ਰਤਾਪ ਬਾਜਵਾ ਦੇ ਵਿਧਾਨ ਸਭਾ ਹਲਕਾ ਕਾਦੀਆਂ ਵਿੱਚ ਇੱਕ ਵਿਸ਼ਾਲ ਜਨ ਸਭਾ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਗੁਰਦਾਸਪੁਰ ਦੇ ਪਿਛਲੇ ਸੰਸਦ ਮੈਂਬਰਾਂ ‘ਤੇ ਜਨਤਾ ਨਾਲ ਧੋਖਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਗੁਰਦਾਸਪੁਰ ਲੋਕ ਸਭਾ ਦੇ ਹੁਣ ਤੱਕ ਕਿਸੇ ਵੀ ਸੰਸਦ ਮੈਂਬਰ ਨੇ ਇੱਥੋਂ ਦੇ ਲੋਕਾਂ ਲਈ ਕੋਈ ਵੀ ਕੰਮ ਨਹੀਂ ਕੀਤਾ। ਹਰ ਕਿਸੇ ਨੇ ਸਿਰਫ਼਼ ਆਪਣਾ ਅਤੇ ਆਪਣੇ ਪਰਿਵਾਰ ਦਾ ਹੀ ਵਿਕਾਸ ਕੀਤਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਤੁਹਾਡੇ ਕੋਲ ਆਪਣੀ ਪਿਛਲੀ ਗ਼ਲਤੀ ਨੂੰ ਸੁਧਾਰਨ ਦਾ ਮੌਕਾ ਹੈ। ਸ਼ੈਰੀ ਕਲਸੀ ਤੁਹਾਡੇ ਘਰ ਦਾ ਮੁੰਡਾ ਹੈ। ਉਹ ਇਸ ਇਲਾਕੇ ਦੇ ਲੋਕਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉਸ ਨੂੰ ਜਿਤਾਓ, ਐਮਪੀ ਬਣਨ ਤੋਂ ਬਾਅਦ ਤੁਸੀਂਂ ਉਸ ਦੇ ਘਰ ਜਾ ਕੇ ਆਪਣਾ ਕੰਮ ਕਰਵਾ ਸਕਦੇ ਹੋ। ਜੇਕਰ ਤੁਸੀ ਦੂਸਰੇ ਉਮੀਦਵਾਰਾਂ ਨੂੰ ਜਿਤਾਉਗੇ ਤਾਂ ਉਹ ਤੁਹਾਨੂੰ ਜਿੱਤਣ ਤੋਂ ਬਾਅਦ ਇੱਥੇ ਨਜ਼ਰ ਵੀ ਨਹੀਂ ਆਉਣਗੇ।

ਭਗਵੰਤ ਮਾਨ ਨੇ ਪ੍ਰਤਾਪ ਬਾਜਵਾ ‘ਤੇ ਸਾਧਿਆ ਨਿਸ਼ਾਨਾ, ਕਿਹਾ- ਉਨ੍ਹਾਂ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਕਾਂਗਰਸ ਪਾਰਟੀ ਨੇ ਕਰ ਦਿੱਤੀ ਭਰੂਣ ਹੱਤਿਆ 

ਭਗਵੰਤ ਮਾਨ ਨੇ ਕਾਂਗਰਸੀ ਆਗੂ ਤੇ ਵਿਧਾਨ ਸਭਾ ‘ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਬਾਜਵਾ ਦੇ ਮੁੱਖ ਮੰਤਰੀ ਬਣਨ ਦੇ ਸੁਪਨੇ ਦੀ ਭਰੂਣ ਹੱਤਿਆ ਕਰ ਦਿੱਤੀ ਹੈ ਅਤੇ ਉਹ ਇਸ ਦਾ ਦੋਸ਼ ਸਾਡੇ ‘ਤੇ ਲਗਾਉਂਦੇ ਹਨ। ਉਹ (ਬਾਜਵਾ) ਸਾਡੇ ਵਿਧਾਇਕਾਂ ਨੂੰ ਮੋਬਾਈਲ ਮੁਰੰਮਤ ਕਰਨ ਵਾਲੇ ਅਤੇ ਮੈਟੀਰੀਅਲ ਬੋਲਦੇ ਹਨ। ਮਾਨ ਨੇ ਕਿਹਾ ਕਿ ਬਾਜਵਾ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ 32 ਵਿਧਾਇਕ ਉਨ੍ਹਾਂ ਦੇ ਸੰਪਰਕ ‘ਚ ਹਨ। ਜਦਕਿ ਉਨ੍ਹਾਂ ਦਾ ਅਸਲੀ ਭਰਾ ਵੀ ਉਨ੍ਹਾਂ ਦੇ ਸੰਪਰਕ ਵਿੱਚ ਨਹੀਂ ਹੈ। ਉਨ੍ਹਾਂ ਕਿਹਾ ਕਿ ਬਾਜਵਾ ਦਾ ਘਰ ਪੰਜਾਬ ਦਾ ਇਕਲੌਤਾ ਘਰ ਹੈ ਜਿਸ ‘ਤੇ ਭਾਜਪਾ ਅਤੇ ਕਾਂਗਰਸ ਦੋਵਾਂ ਦੇ ਝੰਡੇ ਹਨ। ਦੋਵਾਂ ਦੇ ਵਿਚਕਾਰ ਸਿਰਫ ਕੁਝ ਪੌੜੀਆਂ ਦੀ ਹੀ ਦੂਰੀ ਹੈ।

ਭਗਵੰਤ ਮਾਨ ਨੇ ਸੁਖਬੀਰ ਬਾਦਲ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਉਹ (ਸੁਖਬੀਰ ਬਾਦਲ) ਏ.ਸੀ. ਵਿਚ ਰਹਿਣ ਵਾਲੇ ਇਨਸਾਨ ਹਨ। ਉਹ ਤਾਪਮਾਨ ਪੁੱਛ ਕੇ ਬਾਹਰ ਆਉਂਦੇ ਹਨ। ਜਦੋਂ ਬਾਹਰ ਦਾ ਤਾਪਮਾਨ 30-32° ਹੁੰਦਾ ਹੈ ਤਾਂ ਉਹ ਦੋ ਘੰਟੇ ਲਈ ਆਪਣੀ ਪੰਜਾਬ ਬਚਾਓ ਯਾਤਰਾ ਪੰਜਾਬ ਬਚਾਉਣ ਲਈ ਕੱਢਦੇ ਹਨ। ਅਜਿਹੇ ਲੋਕ ਆਮ ਲੋਕਾਂ ਦੇ ਦੁੱਖ ਦਰਦ ਨੂੰ ਕਿਵੇਂ ਸਮਝਣਗੇ?

ਉਨ੍ਹਾਂ ਕਿਹਾ ਕਿ ਅਸਲ ਵਿੱਚ ਪ੍ਰਤਾਪ ਬਾਜਵਾ ਅਤੇ ਸੁਖਬੀਰ ਬਾਦਲ ਦਾ ਵਤੀਰਾ ਰਾਜੇ-ਰਜਵਾੜੇ ਵਰਗਾ ਹੈ। ਇਹ ਦੋਵੇਂ ਆਮ ਲੋਕਾਂ ਨੂੰ ਕੁਝ ਵੀ ਨਹੀਂ ਸਮਝਦੇ । ਬਾਜਵਾ ਆਮ ਲੋਕਾਂ ਨੂੰ ਮੈਟੀਰੀਅਲ ਅਤੇ ਸੁਖਬੀਰ ਬਾਦਲ ਮਲੰਗ ਕਹਿੰਦੇ ਹਨ। ਪਰ ਉਹ ਇਹ ਨਹੀਂ ਜਾਣਦੇ ਕਿ ਇਹ ਲੋਕਤੰਤਰ ਹੈ। ਜਨਤਾ ਵੱਡੇ ਤੋਂ ਵੱਡੇ ਰਾਜਿਆਂ ਨੂੰ ਵੀ ਉਨ੍ਹਾਂ ਦੇ ਤਖ਼ਤਾਂ ਤੋਂ ਹੇਠਾਂ ਲੈ ਆਉਂਦੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਅੱਜ ਅਰਵਿੰਦ ਕੇਜਰੀਵਾਲ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਪਹਿਲੀ ਵਾਰ ਪੰਜਾਬ ਆ ਰਹੇ ਹਨ। ਅੱਜ ਤੋਂ ਬਾਅਦ ਸਾਡੀ ਚੋਣ ਮੁਹਿੰਮ ਨੂੰ ਹੋਰ ਵੀ ਮਜ਼ਬੂਤੀ ਮਿਲੇਗੀ। ਭਾਜਪਾ ਵਾਲਿਆਂ ਨੂੰ ਇਹ ਭੁਲੇਖਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਪਾ ਕੇ ਉਹ ਆਮ ਆਦਮੀ ਪਾਰਟੀ ਨੂੰ ਖ਼ਤਮ ਕਰ ਦੇਣਗੇ, ਪਰ ਉਨ੍ਹਾਂ ਨੂੰ ਇਹ ਨਹੀਂ ਪਤਾ ਸੀ ਕਿ ਆਮ ਆਦਮੀ ਪਾਰਟੀ ਇੱਕ ਦਰਿਆ ਵਾਂਗ ਹੈ ਅਤੇ ਦਰਿਆ ਆਪਣਾ ਰਸਤਾ ਖ਼ੁਦ ਬਣਾਉਂਦਾ ਹੈ। ਦਰਿਆ ਨੂੰ ਵਹਿਣ ਤੋਂ ਰੋਕਿਆ ਨਹੀਂ ਜਾ ਸਕਦਾ।

ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਅਤੇ ਖੇਤੀ ਪ੍ਰਤੀ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਕਿਹਾ ਕਿ ਪੰਜਾਬ ਦੇ ਕਿਸਾਨਾਂ ਦਾ ਵਿਕਾਸ ਸਾਡੀ ਪਹਿਲੀ ਤਰਜੀਹ ਹੈ। ਮੁੱਖ ਮੰਤਰੀ ਬਣਨ ਤੋਂ ਬਾਅਦ ਮੈਂ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਕਿਹਾ ਕਿ ਕਿਸਾਨਾਂ ਨੂੰ ਦਿਨ ਦੇ ਸਮੇਂ ਬਿਨਾਂ ਕਿਸੇ ਕੱਟ ਤੋਂ ਲਗਾਤਾਰ ਬਿਜਲੀ ਸਪਲਾਈ ਦਿੱਤੀ ਜਾਵੇ, ਤਾਂ ਜੋ ਉਨ੍ਹਾਂ ਦਾ ਸਮਾਂ ਅਤੇ ਊਰਜਾ ਬਰਬਾਦ ਨਾ ਹੋਵੇ।

ਇਸ ਦੇ ਨਾਲ ਹੀ ਅਸੀਂ ਪੰਜਾਬ ਦੇ ਪਾਣੀ ਨੂੰ ਬਚਾਉਣ ਲਈ ਵੀ ਦਿਨ-ਰਾਤ ਕੰਮ ਕਰ ਰਹੇ ਹਾਂ। ਅਸੀਂ ਪੰਜਾਬ ਦੇ 59 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਦੀ ਸਪਲਾਈ ਕੀਤਾ ਹੈ। ਜਦੋਂ ਮੈਂ ਮਾਰਚ 2022 ਵਿੱਚ ਮੁੱਖ ਮੰਤਰੀ ਬਣਿਆ ਸੀ ਤਾਂ ਸਿਰਫ਼ 21 ਫ਼ੀਸਦੀ ਹੀ ਖੇਤਾਂ ਨੂੰ ਨਹਿਰੀ ਪਾਣੀ ਮਿਲ ਰਿਹਾ ਸੀ। ਅਕਤੂਬਰ ਤੱਕ 70 ਫ਼ੀਸਦੀ ਖੇਤਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾ ਦੇਵਾਂਗੇ, ਜਿਸ ਤੋਂ ਬਾਅਦ ਪੰਜਾਬ ਦੇ ਕਰੀਬ 6 ਲੱਖ ਟਿਊਬਵੈੱਲ ਬੇਕਾਰ ਹੋ ਜਾਣਗੇ। ਫਿਰ ਸਰਕਾਰ ਨੂੰ ਲਗਭਗ 5000 ਤੋਂ 6000 ਕਰੋੜ ਰੁਪਏ ਦੀ ਬੱਚਤ ਹੋਵੇਗੀ। ਉਸ ਪੈਸੇ ਨਾਲ ਅਸੀਂ ਆਪਣੀਆਂ ਮਾਵਾਂ ਅਤੇ ਭੈਣਾਂ ਨੂੰ ਹਰ ਮਹੀਨੇ 1000 ਰੁਪਏ ਦੇਵਾਂਗੇ। ਅਸੀਂ ਆਪਣੀਆਂ ਸਾਰੀਆਂ ਗਰੰਟੀਆਂ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਲਈ ਹੈ।

ਮਾਨ ਨੇ ਪੰਜਾਬ ਦੇ ਕਿਸਾਨਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਇਕ ਬੇਨਤੀ ‘ਤੇ 33 ਫ਼ੀਸਦੀ ਕਿਸਾਨਾਂ ਨੇ ਪੂਸਾ-44 ਜਿਸ ਨੂੰ ਤਿਆਰ ਹੋਣ ਵਿਚ 150 ਦਿਨ ਤੋਂ ਵੱਧ ਸਮਾਂ ਲੱਗਦਾ ਹੈ, ਦੀ ਬਜਾਏ ਪੀ.ਆਰ.-126, ਪੀ.ਆਰ.-127, ਪੀ.ਆਰ.-128 ਆਦਿ ਦੀ ਖੇਤੀ ਕੀਤੀ, ਜਿਸ ਨਾਲ 477 ਕਰੋੜ ਰੁਪਏ ਦੀ ਬਿਜਲੀ ਅਤੇ 5 ਬਿਲੀਅਨ ਕਿਉਸਿਕ ਪਾਣੀ ਦੀ ਬੱਚਤ ਹੋਈ।

ਉਨ੍ਹਾਂ ਕਿਹਾ ਕਿ ਇਸ ਵਾਰ ਵੀ ਕਿਸਾਨਾਂ ਨੂੰ ਝੋਨੇ ਦੀ ਫ਼ਸਲ ਲਈ ਦਿਨ ਦੇ ਸਮੇਂ ਬਿਨਾਂ ਕੱਟਾਂ ਦੇ ਲਗਾਤਾਰ ਬਿਜਲੀ ਮਿਲੇਗੀ ਕਿਉਂਕਿ ਹੁਣ ਪੰਜਾਬ ਵਿੱਚ ਬਿਜਲੀ ਦੀ ਕੋਈ ਕਮੀ ਨਹੀਂ ਹੈ। ਹੁਣ ਪੰਜਾਬ ਦੂਜੇ ਸੂਬਿਆਂ ਨੂੰ ਬਿਜਲੀ ਵੇਚਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਿਜਲੀ ਦੀ ਸਮੱਸਿਆ ਨੂੰ ਹੱਲ ਕਰਨ ਲਈ ਅਸੀਂ ਇੱਕ ਪ੍ਰਾਈਵੇਟ ਥਰਮਲ ਪਾਵਰ ਪਲਾਂਟ ਖ਼ਰੀਦਿਆ ਅਤੇ ਝਾਰਖੰਡ ਵਿੱਚ ਆਪਣੀ ਕੋਲੇ ਦੀ ਖਾਣ ਨੂੰ ਮੁੜ ਚਾਲੂ ਕੀਤਾ ਹੈ।

ਉਨ੍ਹਾਂ ਕਿਹਾ ਕਿ ਅਜਿਹਾ ਇਸ ਲਈ ਸੰਭਵ ਹੋਇਆ ਕਿਉਂਕਿ ਸਾਡੇ ਇਰਾਦੇ ਸਾਫ਼ ਹਨ। ਮੈਂ ਪੈਸਾ ਕਮਾਉਣ ਲਈ ਰਾਜਨੀਤੀ ਵਿੱਚ ਨਹੀਂ ਆਇਆ। ਮੈਂ ਬੱਸਾਂ ‘ਚ, ਕਾਰੋਬਾਰਾਂ ਅਤੇ ਹੋਟਲਾਂ ਵਿੱਚ ਹਿੱਸਾ ਪਾਉਣ ਨਹੀਂ ਆਇਆ । ਮੈਂ ਤਿੰਨ ਕਰੋੜ ਪੰਜਾਬੀਆਂ ਦੇ ਦੁੱਖ-ਦਰਦ ਵਿੱਚ ਹਿੱਸਾ ਪਾਉਣ ਲਈ ਆਇਆ ਹਾਂ।