ਇੰਟਰਨੈਸ਼ਨਲ – ਬੀਤੇ ਦਿਨ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੰਗਲੈਂਡ ਪਹੁੰਚੇ ਸਨ ਤੇ ਉਨ੍ਹਾਂ ਬ੍ਰਿਟਿਸ਼ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਦੋਵਾਂ ਦੇਸ਼ਾਂ ਵਿਚਾਲੇ ਫ੍ਰੀ ਟਰੇਡ ਐਗਰੀਮੈਂਟ ‘ਤੇ ਵੀ ਦਸਤਖ਼ਤ ਕੀਤੇ ਗਏ, ਜਿਸ ਨਾਲ ਦੋਵਾਂ ਦੇਸ਼ਾਂ ਦੇ ਵਪਾਰਕ ਰਿਸ਼ਤਿਆਂ ਨੂੰ ਵੱਡਾ ਹੁਲਾਰਾ ਮਿਲੇਗਾ
ਸਟਾਰਮਰ ਨਾਲ ਗੱਲਬਾਤ ਦੌਰਾਨ ਬ੍ਰਿਟੇਨ ’ਚ ਖਾਲਿਸਤਾਨੀ ਸਮਰਥਕਾਂ ਦੀਆਂ ਵਧਦੀਆਂ ਗਤੀਵਿਧੀਆਂ ’ਤੇ ਵੀਰਵਾਰ ਨੂੰ ਆਪਣੀ ਚਿੰਤਾ ਪ੍ਰਗਟ ਕਰਨ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕੱਟੜਪੰਥੀ ਵਿਚਾਰਧਾਰਾ ਵਾਲੀਆਂ ਤਾਕਤਾਂ ਨੂੰ ਡੈਮੋਕ੍ਰੇਟਿਕ ਫ੍ਰੀਡਮਜ਼ ਦੀ ਦੁਰਵਰਤੋਂ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਇਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਮੋਦੀ ਨੇ ਬ੍ਰਿਟੇਨ ਦੇ ਆਪਣੇ ਹਮਰੁਤਬਾ ਕੀਰ ਸਟਾਰਮਰ ਨਾਲ ਗੱਲਬਾਤ ਤੋਂ ਬਾਅਦ ਇਹ ਗੱਲ ਕਹੀ। ਮੋਦੀ ਨੇ ਇਹ ਵੀ ਕਿਹਾ ਕਿ ਭਾਰਤ ਅਤੇ ਬ੍ਰਿਟੇਨ ਦੋਵੇਂ ਇਸ ਗੱਲ ’ਤੇ ਇਕਮਤ ਹਨ ਕਿ ਅੱਤਵਾਦ ਵਿਰੁੱਧ ਲੜਾਈ ਵਿਚ ਦੋਹਰੇ ਮਾਪਦੰਡਾਂ ਲਈ ਕੋਈ ਜਗ੍ਹਾ ਨਹੀਂ ਹੋ ਸਕਦੀ। ਉਨ੍ਹਾਂ ਨੇ ਪਹਿਲਗਾਮ ਅੱਤਵਾਦੀ ਹਮਲੇ ਦੀ ‘ਸਖਤ’ ਨਿੰਦਾ ਕਰਨ ਲਈ ਬ੍ਰਿਟਿਸ਼ ਸਰਕਾਰ ਦਾ ਧੰਨਵਾਦ ਵੀ ਕੀਤਾ।
ਮੋਦੀ ਨੇ ਕਿਹਾ ਕਿ ਆਰਥਿਕ ਅਪਰਾਧੀਆਂ ਦੀ ਹਵਾਲਗੀ ਦੇ ਮਾਮਲੇ ਵਿਚ ਵੀ ਸਾਡੀਆਂ ਏਜੰਸੀਆਂ ਨਜ਼ਦੀਕੀ ਤਾਲਮੇਲ ਅਤੇ ਸਹਿਯੋਗ ਨਾਲ ਮਿਲ ਕੇ ਕੰਮ ਕਰਨਾ ਜਾਰੀ ਰੱਖਣਗੀਆਂ। ਭਾਰਤ ਵਿਜੇ ਮਾਲਿਆ, ਨੀਰਵ ਮੋਦੀ ਅਤੇ ਲਲਿਤ ਮੋਦੀ ਵਰਗੇ ਭਗੌੜੇ ਅਪਰਾਧੀਆਂ ਦੀ ਹਵਾਲਗੀ ਦਾ ਮੁੱਦਾ ਬ੍ਰਿਟੇਨ ਕੋਲ ਉਠਾਉਂਦਾ ਰਿਹਾ ਹੈ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੂਰਬੀ ਇੰਗਲੈਂਡ ਦੇ ਨੌਰਫਾਕ ਸਥਿਤ ਸੈਂਡ੍ਰਿੰਗਮ ਅਸਟੇਟ ਵਿਚ ਰਾਜਾ ਚਾਰਲਸ ਤੀਜੇ ਨਾਲ ਮੁਲਾਕਾਤ ਦੌਰਾਨ ਉਨ੍ਹਾਂ ਨੂੰ ‘ਏਕ ਪੇੜ ਮਾਂ ਕੇ ਨਾਮ’ ਵਾਤਾਵਰਣ ਪਹਿਲ ਦੇ ਤਹਿਤ ਇਕ ਪੌਦਾ ਭੇਟ ਕੀਤਾ।