ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਰੂਸ ਦੇ ਦੌਰੇ ‘ਤੇ ਮਾਸਕੋ ਪਹੁੰਚੇ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ 2019 ‘ਚ ਰੂਸ ਦੇ ਸ਼ਹਿਰ ਵਲਾਦੀਵੋਸਤੋਕ ‘ਚ ਆਰਥਿਕ ਸੰਮੇਲਨ ‘ਚ ਹਿੱਸਾ ਲਿਆ ਸੀ।
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸੋਮਵਾਰ ਨੂੰ ਮਾਸਕੋ ਪਹੁੰਚੇ ਹਨ, ਜਿੱਥੇ ਉਨ੍ਹਾਂ ਨੇ ਰੂਸ ਅਤੇ ਫਿਰ ਆਸਟ੍ਰੀਆ ਦੀ ਆਪਣੀ ਦੋ ਦਿਨਾਂ ਰਾਜ ਯਾਤਰਾ ਦੀ ਸ਼ੁਰੂਆਤ ਕੀਤੀ। ਪ੍ਰਧਾਨ ਮੰਤਰੀ ਦੇ ਮਾਸਕੋ ਹਵਾਈ ਅੱਡੇ ‘ਤੇ ਪਹੁੰਚਣ ‘ਤੇ ਉਨ੍ਹਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ (ਪਹਿਲੇ ਡੀਪੀਐਮ) ਡੇਨਿਸ ਮੰਤੁਰੋਵ ਨੇ ਮੋਦੀ ਦਾ ਸਵਾਗਤ ਕੀਤਾ। ਇਸ ਤੋਂ ਬਾਅਦ ਡੀਪੀਐਮ ਮੰਤੁਰੋਵ ਵੀ ਉਸੇ ਕਾਰ ਵਿੱਚ ਪੀਐਮ ਮੋਦੀ ਨਾਲ ਏਅਰਪੋਰਟ ਤੋਂ ਹੋਟਲ ਗਏ।
ਰੂਸ ਲਈ ਰਵਾਨਾ ਹੋਣ ਤੋਂ ਪ੍ਰਧਾਨ ਮੰਤਰੀ ਨੇ ਪਹਿਲਾਂ ਐਕਸ ‘ਤੇ ਪੋਸਟ ਕੀਤਾ। ਉਨ੍ਹਾਂ ਲਿਖਿਆ ਕਿ ਅਗਲੇ ਤਿੰਨ ਦਿਨਾਂ ‘ਚ ਰੂਸ ਅਤੇ ਆਸਟ੍ਰੀਆ ‘ਚ ਹੋਵਾਂਗੇ। ਇਹ ਦੌਰੇ ਇਨ੍ਹਾਂ ਦੇਸ਼ਾਂ ਨਾਲ ਸਬੰਧਾਂ ਨੂੰ ਗੂੜ੍ਹਾ ਕਰਨ ਦਾ ਵਧੀਆ ਮੌਕਾ ਹੋਵੇਗਾ, ਜਿਨ੍ਹਾਂ ਨਾਲ ਭਾਰਤ ਦੀ ਸਮੇਂ ਦੀ ਪਰਖ ਵਾਲੀ ਦੋਸਤੀ ਹੈ। ਮੈਂ ਇਨ੍ਹਾਂ ਦੇਸ਼ਾਂ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਨਾਲ ਗੱਲਬਾਤ ਕਰਨ ਲਈ ਵੀ ਉਤਸੁਕ ਹਾਂ।
ਜ਼ਿਕਰਯੋਗ ਹੈ ਕਿ 2022 ‘ਚ ਯੂਕਰੇਨ ਯੁੱਧ ਸ਼ੁਰੂ ਹੋਣ ਤੋਂ ਬਾਅਦ ਮੋਦੀ ਦੀ ਰੂਸ ਦੀ ਇਹ ਪਹਿਲੀ ਯਾਤਰਾ ਵੀ ਹੈ। ਮੋਦੀ ਅਤੇ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਵੱਲੋਂ ਮੰਗਲਵਾਰ ਨੂੰ 22ਵੇਂ ਭਾਰਤ-ਰੂਸ ਸਾਲਾਨਾ ਸੰਮੇਲਨ ਦੌਰਾਨ ਵਪਾਰ, ਊਰਜਾ ਅਤੇ ਰੱਖਿਆ ਸਮੇਤ ਵਿਭਿੰਨ ਖੇਤਰਾਂ ਵਿੱਚ ਦੁਵੱਲੇ ਸਬੰਧਾਂ ਨੂੰ ਹੋਰ ਵਧਾਉਣ ਦੇ ਤਰੀਕਿਆਂ ‘ਤੇ ਵਿਚਾਰ ਕਰਨ ਦੀ ਉਮੀਦ ਹੈ।
ਇਸ ਤੋਂ ਇਲਾਵਾ ਤੁਹਾਨੂੰ ਦੱਸ ਦੇਈਏ ਕਿ ਮੰਗਲਵਾਰ ਨੂੰ ਮੋਦੀ ਰੂਸ ਤੋਂ ਆਸਟ੍ਰੀਆ ਜਾਣਗੇ, ਜੋ ਕਿ 40 ਸਾਲਾਂ ‘ਚ ਕਿਸੇ ਭਾਰਤੀ ਪ੍ਰਧਾਨ ਮੰਤਰੀ ਦਾ ਆਸਟ੍ਰੀਆ ਦਾ ਪਹਿਲਾ ਦੌਰਾ ਹੋਵੇਗਾ।