ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਰਾਜਸਥਾਨ ਦੇ ਜੈਪੁਰ ਨੇੜੇ ਇਕ ਸੜਕ ਹਾਦਸੇ ‘ਚ ਲੋਕਾਂ ਦੀ ਮੌਤ ‘ਤੇ ਦੁੱਖ ਜਤਾਇਆ ਅਤੇ ਪੀੜਤ ਪਰਿਵਾਰਾਂ ਲਈ ਮੁਆਵਜ਼ਾ ਰਾਸ਼ੀ ਦਾ ਐਲਾਨ ਕੀਤਾ। ਜੈਪੁਰ ਕੋਲ ਸ਼ੁੱਕਰਵਾਰ ਤੜਕੇ ਐੱਲ.ਪੀ.ਜੀ. ਟੈਂਕਰ ਨੂੰ ਇਕ ਟਰੱਕ ਵਲੋਂ ਟੱਕਰ ਮਾਰੇ ਜਾਣ ਤੋਂ ਬਾਅਦ ਲੱਗੀ ਅੱਗ ਨੇ 30 ਤੋਂ ਵੱਧ ਵਾਹਨਾਂ ਨੂੰ ਆਪਣੀ ਲਪੇਟ ‘ਚ ਲੈ ਲਿਆ ਅਤੇ ਇਸ ਹਾਦਸੇ ‘ਚ 7 ਲੋਕ ਜਿਊਂਦੇ ਸੜ ਗਏ ਅਤੇ 35 ਹੋਰ ਝੁਲਸ ਗਏ। ਪ੍ਰਧਾਨ ਮੰਤਰੀ ਦਫ਼ਤਰ (ਪੀ.ਐੱਮ.ਓ.) ਵਲੋਂ ‘ਐਕਸ’ ‘ਤੇ ਕੀਤੇ ਗਏ ਇਕ ਪੋਸਟ ‘ਚ ਮੋਦੀ ਨੇ ਕਿਹਾ,”ਰਾਜਸਥਾਨ ‘ਚ ਜੈਪੁਰ-ਅਜਮੇਰ ਹਾਈਵੇਅ ‘ਤੇ ਹੋਏ ਹਾਦਸੇ ‘ਚ ਲੋਕਾਂ ਦੀ ਮੌਤ ਤੋਂ ਦੁਖੀ ਹਾਂ। ਉਨ੍ਹਾਂ ਲੋਕਾਂ ਦੇ ਪ੍ਰਤੀ ਹਮਦਰਦੀ ਜ਼ਾਹਰ ਕਰਦਾ ਹਾਂ, ਜਿਨ੍ਹਾਂ ਨੇ ਆਪਣੇ ਪਰਿਵਾਰ ਵਾਲਿਆਂ ਨੂੰ ਗੁਆ ਦਿੱਤਾ। ਜ਼ਖ਼ਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।”
ਉਨ੍ਹਾਂ ਕਿਹਾ,”ਸਥਾਨਕ ਪ੍ਰਸ਼ਾਸਨ ਪੀੜਤਾਂ ਦੀ ਮਦਦ ਕਰ ਰਿਹਾ ਹੈ।” ਪੀ.ਐੱਮ.ਓ. ਨੇ ਕਿਹਾ ਕਿ ਮੋਦੀ ਨੇ ਪ੍ਰਧਾਨ ਮੰਤਰੀ ਰਾਸ਼ਟਰੀ ਰਾਹਤ ਫੰਡ (ਪੀ.ਐੱਮ.ਐੱਨ.ਆਰ.ਐੱਫ.) ਤੋਂ ਪੀੜਤਾਂ ਲਈ ਮੁਆਵਜ਼ਾ ਰਾਸ਼ੀ ਦੀ ਵੀ ਮਨਜ਼ੂਰੀ ਦਿੱਤੀ ਹੈ। ਪੀ.ਐੱਮ.ਓ. ਨੇ ਕਿਹਾ,”ਇਸ ਹਾਦਸੇ ‘ਚ ਜਾਨ ਗੁਆਉਣ ਵਾਲੇ ਲੋਕਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਰਾਸ਼ੀ ਵਜੋਂ 2-2 ਲੱਖ ਰੁਪਏ ਦਿੱਤੇ ਜਾਣਗੇ। ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ।”