ਪੁਣੇ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਵੀਡੀਓ ਕਾਨਫਰੰਸ ਜ਼ਰੀਏ ਮਹਾਰਾਸ਼ਟਰ ‘ਚ 11,200 ਕਰੋੜ ਰੁਪਏ ਦੇ ਵੱਖ-ਵੱਖ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਮੋਦੀ ਦੀ 26 ਸਤੰਬਰ ਨੂੰ ਹੋਣ ਵਾਲੀ ਪੁਣੇ ਫੇਰੀ ਸ਼ਹਿਰ ‘ਚ ਭਾਰੀ ਮੀਂਹ ਕਾਰਨ ਰੱਦ ਕਰ ਦਿੱਤੀ ਗਈ। ਪ੍ਰਧਾਨ ਮੰਤਰੀ ਮੋਦੀ ਨੇ ਆਨਲਾਈਨ ਮਾਧਿਅਮ ਰਾਹੀਂ ਜ਼ਿਲ੍ਹਾ ਅਦਾਲਤ ਤੋਂ ਸਵਾਰਗੇਟ ਤੱਕ ਪੁਣੇ ਮੈਟਰੋ ਸੈਕਸ਼ਨ ਦਾ ਉਦਘਾਟਨ ਕੀਤਾ। ਅਧਿਕਾਰੀਆਂ ਮੁਤਾਬਕ ਜ਼ਿਲ੍ਹਾ ਅਦਾਲਤ ਤੋਂ ਸਵਾਰਗੇਟ ਵਿਚਕਾਰ ਭੂਮੀਗਤ ਸੈਕਸ਼ਨ ਦੀ ਲਾਗਤ ਕਰੀਬ 1,810 ਕਰੋੜ ਰੁਪਏ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਪੁਣੇ ਮੈਟਰੋ ਫੇਜ਼-1 ਦੇ ਸਵਾਰਗੇਟ-ਕਟਰਾਜ ਵਿਸਥਾਰ ਦਾ ਨੀਂਹ ਪੱਥਰ ਵੀ ਰੱਖਿਆ, ਜਿਸ ‘ਤੇ ਲਗਭਗ 2,955 ਕਰੋੜ ਰੁਪਏ ਦੀ ਲਾਗਤ ਆਵੇਗੀ। ਅਧਿਕਾਰੀਆਂ ਮੁਤਾਬਕ 5.46 ਕਿਲੋਮੀਟਰ ਦਾ ਇਹ ਦੱਖਣੀ ਵਿਸਥਾਰ ਪੂਰੀ ਤਰ੍ਹਾਂ ਭੂਮੀਗਤ ਹੈ ਅਤੇ ਇਸ ‘ਚ ਤਿੰਨ ਸਟੇਸ਼ਨ ਸ਼ਾਮਲ ਹਨ – ਮਾਰਕੀਟ ਯਾਰਡ, ਪਦਮਾਵਤੀ ਅਤੇ ਕਟਰਾਜ। ਪ੍ਰਧਾਨ ਮੰਤਰੀ ਨੇ ਨੈਸ਼ਨਲ ਇੰਡਸਟਰੀਅਲ ਕੋਰੀਡੋਰ ਡਿਵੈਲਪਮੈਂਟ ਪ੍ਰੋਗਰਾਮ ਦੇ ਤਹਿਤ 7,855 ਏਕੜ ਦੇ ਖੇਤਰ ਵਿਚ ਫੈਲੇ ਬਿਡਕਿਨ ਉਦਯੋਗਿਕ ਖੇਤਰ ਦਾ ਵੀ ਉਦਘਾਟਨ ਕੀਤਾ। ਇਹ ਮਹਾਰਾਸ਼ਟਰ ਵਿਚ ਛਤਰਪਤੀ ਸੰਭਾਜੀਨਗਰ ਤੋਂ 20 ਕਿਲੋਮੀਟਰ ਦੱਖਣ ਵਿਚ ਸਥਿਤ ਹੈ।
ਅਧਿਕਾਰੀਆਂ ਨੇ ਕਿਹਾ ਕਿ ਦਿੱਲੀ-ਮੁੰਬਈ ਇੰਡਸਟਰੀਅਲ ਕੋਰੀਡੋਰ ਤਹਿਤ ਵਿਕਸਿਤ ਇਹ ਪ੍ਰਾਜੈਕਟ ਮਰਾਠਵਾੜਾ ਖੇਤਰ ‘ਚ ਇਕ ਜੀਵੰਤ ਆਰਥਿਕ ਹੱਬ ਵਜੋਂ ਅਪਾਰ ਸੰਭਾਵਨਾਵਾਂ ਪੈਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਤਿੰਨ ਪੜਾਵਾਂ ਵਿਚ ਵਿਕਸਿਤ ਕੀਤੇ ਜਾਣ ਵਾਲੇ ਇਸ ਪ੍ਰਾਜੈਕਟ ਲਈ 6400 ਕਰੋੜ ਰੁਪਏ ਤੋਂ ਵੱਧ ਦੀ ਰਾਸ਼ੀ ਮਨਜ਼ੂਰ ਕੀਤੀ ਹੈ। ਪ੍ਰਧਾਨ ਮੰਤਰੀ ਮੋਦੀ ਨੇ ਸੋਲਾਪੁਰ ਹਵਾਈ ਅੱਡੇ ਦਾ ਵੀ ਉਦਘਾਟਨ ਕੀਤਾ, ਜਿਸ ਨਾਲ ਕਨੈਕਟੀਵਿਟੀ ‘ਚ ਮਹੱਤਵਪੂਰਨ ਸੁਧਾਰ ਹੋਵੇਗਾ ਅਤੇ ਸੋਲਾਪੁਰ ਨੂੰ ਸੈਲਾਨੀਆਂ ਅਤੇ ਨਿਵੇਸ਼ਕਾਂ ਲਈ ਵਧੇਰੇ ਪਹੁੰਚਯੋਗ ਬਣਾਇਆ ਜਾਵੇਗਾ।