ਨਵੀਂ ਦਿੱਲੀ- ਕਾਂਗਰਸ ਨੇ ਸ਼ਨੀਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਚੁਟਕੀ ਲੈਂਦਿਆਂ ਕਿਹਾ ਕਿ ਵਾਰ-ਵਾਰ ਵਿਦੇਸ਼ ਜਾਣ ਵਾਲੇ ਪ੍ਰਧਾਨ ਮੰਤਰੀ ਕੁਵੈਤ ਰਵਾਨਾ ਹੋ ਗਏ, ਜਦੋਂ ਕਿ ਹਿੰਸਾ ਪ੍ਰਭਾਵਿਤ ਮਣੀਪੁਰ ਦੇ ਲੋਕ ਉਨ੍ਹਾਂ ਦੀ ਉਡੀਕ ਕਰਦੇ ਰਹਿ ਗਏ। ਰੱਖਿਆ ਅਤੇ ਵਪਾਰ ਸਮੇਤ ਕਈ ਖੇਤਰਾਂ ‘ਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਪੀ.ਐੱਮ. ਮੋਦੀ ਸ਼ਨੀਵਾਰ ਨੂੰ ਦੋ ਦਿਨਾਂ ਦੇ ਦੌਰੇ ‘ਤੇ ਕੁਵੈਤ ਲਈ ਰਵਾਨਾ ਹੋਏ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ‘ਐਕਸ’ ‘ਤੇ ਲਿਖਿਆ,”ਮਣੀਪੁਰ ਦੇ ਲੋਕ ਇੰਤਜ਼ਾਰ ਕਰਦੇ ਰਹਿੰਦੇ ਹਨ, ਇਹ ਉਨ੍ਹਾਂ ਦੀ ਕਿਸਮਤ ਹੈ ਕਿਉਂਕਿ ਸ਼੍ਰੀਮਾਨ ਮੋਦੀ ਕੋਈ ਤਾਰੀਖ਼ ਤੈਅ ਕਰਨ ਤੋਂ ਇਨਕਾਰ ਕਰ ਰਹੇ ਹਨ। ਵਾਰ-ਵਾਰ ਵਿਦੇਸ਼ ਦੌਰੇ ਕਰਨ ਵਾਲੇ ਪ੍ਰਧਾਨ ਮੰਤਰੀ ਮੋਦੀ ਕੁਵੈਤ ਲਈ ਰਵਾਨਾ ਹੋ ਗਏ।”
ਕਾਂਗਰਸ ਮੋਦੀ ਨੂੰ ਕਈ ਵਾਰ ਮਣੀਪੁਰ ਦਾ ਦੌਰਾ ਕਰਨ ਦੀ ਅਪੀਲ ਕਰ ਚੁੱਕੀ ਹੈ। ਪਾਰਟੀ ਦਾ ਕਹਿਣਾ ਹੈ ਕਿ ਇਸ ਨਾਲ ਸੰਘਰਸ਼ ਪੀੜਤ ਰਾਜ ‘ਚ ਸ਼ਾਂਤੀ ਅਤੇ ਆਮ ਸਥਿਤੀ ਬਹਾਲ ਕਰਨ ‘ਚ ਮਦਦ ਮਿਲੇਗੀ। ਮਣੀਪੁਰ ‘ਚ ਪਿਛਲੇ ਸਾਲ ਤਿੰਨ ਮਈ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਦੇਣ ਦੀ ਬਹੁ ਗਿਣਤੀ ਮੇਇਤੀ ਭਾਈਚਾਰੇ ਦੀ ਮੰਗ ਦੇ ਵਿਰੋਧ ‘ਚ ਰਾਜ ਦੇ ਪਹਾੜੀ ਜ਼ਿਲ੍ਹਿਆਂ ‘ਚ ਆਦਿਵਾਸੀ ਇਕਜੁਟਤਾ ਮਾਰਚ ਤੋਂ ਬਾਅਦ ਹਿੰਸਾ ਭੜਕ ਗਈ ਸੀ। ਉਦੋਂ ਤੋਂ ਹਿੰਸਾ ‘ਚ ਮੇਇਤੀ ਅਤੇ ਕੁਕੀ ਭਾਈਚਾਰੇ ਦੇ 220 ਤੋਂ ਵੱਧ ਲੋਕ ਅਤੇ ਸੁਰੱਖਿਆ ਕਰਮੀਆਂ ਦੀ ਜਾਨ ਜਾ ਚੁੱਕੀ ਹੈ।