ਨਵੀਂ ਦਿੱਲੀ/ਜਲੰਧਰ- ਦਿੱਲੀ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ (Committee of Privileges) ਨੇ ਪੰਜਾਬ ਪੁਲਸ ਦੇ ਮੁਖੀ (DGP) ਗੌਰਵ ਯਾਦਵ ਸਮੇਤ ਸੂਬੇ ਦੇ ਕਈ ਸੀਨੀਅਰ ਅਧਿਕਾਰੀਆਂ ਨੂੰ ਸੰਮਨ ਜਾਰੀ ਕੀਤੇ ਹਨ। ਇਹ ਕਾਰਵਾਈ ਦਿੱਲੀ ਦੀ ਵਿਰੋਧੀ ਧਿਰ ਦੀ ਨੇਤਾ ਆਤਿਸ਼ੀ ਨਾਲ ਜੁੜੇ ਇਕ ਵੀਡੀਓ ਵਿਵਾਦ ਅਤੇ ਉਸ ‘ਤੇ ਪੰਜਾਬ ਪੁਲਸ ਵੱਲੋਂ ਕੀਤੀ ਗਈ ਕਾਰਵਾਈ ਨੂੰ ਲੈ ਕੇ ਕੀਤੀ ਗਈ ਹੈ।
ਦਿੱਲੀ ਵਿਧਾਨ ਸਭਾ ਸਕੱਤਰੇਤ ਵੱਲੋਂ ਜਾਰੀ ਕੀਤੇ ਗਏ ਪੱਤਰ ਅਨੁਸਾਰ, ਪੰਜਾਬ ਦੇ ਗ੍ਰਹਿ ਵਿਭਾਗ ਦੇ ਵਧੀਕ ਮੁੱਖ ਸਕੱਤਰ ਆਲੋਕ ਸ਼ੇਖਰ, DGP ਗੌਰਵ ਯਾਦਵ ਅਤੇ ਜਲੰਧਰ ਦੀ ਪੁਲਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ 27 ਫਰਵਰੀ ਨੂੰ ਦੁਪਹਿਰ 3 ਵਜੇ ਦਿੱਲੀ ਵਿਧਾਨ ਸਭਾ ਦੇ ਐੱਮ.ਐੱਲ.ਏ. ਲਾਊਂਜ-1 ‘ਚ ਪੇਸ਼ ਹੋਣ ਲਈ ਕਿਹਾ ਗਿਆ ਹੈ। ਨੋਟਿਸ ‘ਚ ਸਪੱਸ਼ਟ ਕੀਤਾ ਗਿਆ ਹੈ ਕਿ ਪੇਸ਼ ਨਾ ਹੋਣ ਦੀ ਸੂਰਤ ‘ਚ ਵਿਧਾਨ ਸਭਾ ਦੀ ਮਾਣਹਾਨੀ ਅਤੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ ਦੇ ਤਹਿਤ ਕਾਰਵਾਈ ਕੀਤੀ ਜਾ ਸਕਦੀ ਹੈ।

