ਜ਼ੀਰਕਪੁਰ : ਜ਼ੀਰਕਪੁਰ ਦੇ ਬਲਟਾਣਾ ਅੰਦਰ ਸ਼ੋਅਰੂਮਾਂ ਦਾ ਆਕਾਰ ਬਦਲ ਕੇ ਚੱਲਣ ਵਾਲੇ ਹੋਟਲਾਂ ‘ਚ ਨੌਕਰੀ ਕਰਨ ਲਈ ਆਉਣ ਵਾਲੀਆਂ ਕੁੜੀਆਂ ਨੂੰ ਦੇਹ ਵਪਾਰ ਦੇ ਧੰਦੇ ‘ਚ ਧਕੇਲਣ ਦਾ ਕੰਮ ਕੀਤਾ ਜਾ ਰਿਹਾ ਹੈ। ਇੱਥੇ ਇਕ ਅਜਿਹੇ ਹੀ ਗੋਰਖ਼ਧੰਦੇ ਦਾ ਪੁਲਸ ਨੇ ਪਰਦਾਫਾਸ਼ ਕਰਦੇ ਹੋਏ 2 ਲੋਕਾਂ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਇਸ ਦੇ ਨਾਲ ਹੀ ਪੁਲਸ ਨੇ ਵਿਕਾਸ ਵਾਸੀ ਜ਼ੀਰਕਪੁਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਦਾ ਦੂਜਾ ਸਾਥੀ ਸੋਨੂੰ ਫ਼ਰਾਰ ਹੋ ਗਿਆ ਹੈ।
ਦੋਸ਼ ਹੈ ਕਿ ਦੋਵੇਂ ਦੋਸ਼ੀ ਕੁੜੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਤੋਂ ਦੇਹ ਵਪਾਰ ਦਾ ਕੰਮ ਕਰਵਾ ਰਹੇ ਸਨ, ਜਿਨ੍ਹਾਂ ਨੂੰ ਪੁਲਸ ਨੇ ਰੰਗੇ ਹੱਥੀਂ ਕਾਬੂ ਕੀਤਾ। ਬਲਟਾਣਾ ਪੁਲਸ ਚੌਂਕੀ ਦੇ ਇੰਚਾਰਜ ਸਤਨਾਮ ਸਿੰਘ ਨੇ ਦੱਸਿਆ ਕਿ ਸ਼ਿਮਲਾ ਰੋਡ ‘ਤੇ ਸਥਿਤ ਹੋਟਲ ‘ਚ ਦੇਹ ਵਪਾਰ ਦਾ ਧੰਦਾ ਹੋਣ ਨੂੰ ਲੈ ਕੇ ਲਗਾਤਾਰ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਕਾਰਨ ਉਨ੍ਹਾਂ ਵਲੋਂ ਅਜਿਹਾ ਕੰਮ ਨਾ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਸੀ ਪਰ ਫਿਰ ਪੁਲਸ ਨੂੰ ਸੂਚਨਾ ਮਿਲੀ ਕਿ ਦੋਸ਼ੀ ਸੋਨੂੰ ਅਤੇ ਵਿਕਾਸ ਨੇ ਕੁੱਝ ਕੁੜੀਆਂ ਨੂੰ ਪੈਸਿਆਂ ਦਾ ਲਾਲਚ ਦੇ ਕੇ ਉਨ੍ਹਾਂ ਨੂੰ ਹੋਟਲ ਬੁਲਾਇਆ ਹੋਇਆ ਹੈ, ਜਿਨ੍ਹਾਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਇਆ ਜਾ ਰਿਹਾ ਹੈ।
ਸੂਚਨਾ ਦੇ ਆਧਾਰ ‘ਤੇ ਜਦੋਂ ਪੁਲਸ ਮੌਕੇ ‘ਤੇ ਪੁੱਜੀ ਤਾਂ ਮੌਕੇ ‘ਤੇ ਕੁੜੀਆਂ ਸਣੇ ਕੁੱਝ ਨੌਜਵਾਨਾਂ ਨੂੰ ਇਤਰਾਜ਼ਯੋਗ ਹਾਲਤ ‘ਚ ਪਾਇਆ। ਕੁੜੀਆਂ ਤੋਂ ਪੁੱਛਗਿੱਛ ਮਗਰੋਂ ਉਨ੍ਹਾਂ ਨੂੰ ਭੇਜ ਦਿੱਤਾ ਗਿਆ, ਜਦੋਂ ਕਿ ਗੋਰਖ਼ਧੰਦਾ ਕਰਨ ਵਾਲੇ ਸੋਨੂੰ ਅਤੇ ਵਿਕਾਸ ਖ਼ਿਲਾਫ਼ ਪੁਲਸ ਨੇ ਕੇਸ ਦਰਜ ਕਰ ਲਿਆ ਹੈ, ਜਿਨ੍ਹਾਂ ‘ਚੋਂ ਵਿਕਾਸ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਸੋਨੂੰ ਚਕਮਾ ਦੇ ਕੇ ਫ਼ਰਾਰ ਹੋ ਗਿਆ। ਇਸ ਦੀ ਭਾਲ ‘ਚ ਪੁਲਸ ਨੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।