ਜਲੰਧਰ – ਜਲੰਧਰ ਵਿਚ ‘ਆਈ ਲਵ ਮੁਹੰਮਦ’ ਦੇ ਮੁੱਦੇ ਨੂੰ ਲੈ ਕੇ ਹੋਏ ਵਿਵਾਦ ਖ਼ਿਲਾਫ਼ ਹਿੰਦੂ ਸੰਗਠਨਾਂ ਨੇ ਸ਼੍ਰੀਰਾਮ (ਕੰਪਨੀ ਬਾਗ) ਚੌਕ ‘ਤੇ ਧਰਨਾ ਲਗਾਇਆ ਗਿਆ ਸੀ, ਜਿਸ ਨੂੰ ਪੁਲਸ ਵੱਲੋਂ 2 ਦਿਨ ਵਿਚ ਗ੍ਰਿਫ਼ਤਾਰੀ ਦਾ ਭਰੋਸਾ ਦੇਣ ਮਗਰੋਂ ਹਿੰਦੂ ਆਗੂਆਂ ਨੇ ਖ਼ਤਮ ਕਰ ਦਿੱਤਾ ਹੈ। ਉਨ੍ਹਾਂ ਨੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਪੁਲਸ ਨੂੰ ਅੱਜ ਤੱਕ ਦਾ ਸਮਾਂ ਦਿੱਤਾ ਸੀ। ਧਰਨੇ ਦੇ ਸਥਾਨ ‘ਤੇ ਭਾਰੀ ਗਿਣਤੀ ਵਿੱਚ ਪੁਲਸ ਫੋਰਸ ਤਾਇਨਾਤ ਕੀਤੀ ਗਈ ਸੀ। ਭਾਜਪਾ ਆਗੂ ਸ਼ੀਤਲ ਅੰਗੂਰਾਲ ਸਮੇਤ ਹੋਰ ਵੀ ਕਈ ਆਗੂ ਇਸ ਧਰਨੇ ਵਿਚ ਸ਼ਾਮਲ ਹੋਏ ਸਨ।
ਭਾਜਪਾ ਵਰਕਰ, ਹਿੰਦੂ ਸੰਗਠਨ ਅਤੇ ਸੰਤ ਸਮਾਜ ਦੇ ਕਈ ਮੈਂਬਰ ਉੱਥੇ ਪਹੁੰਚੇ ਸਨ ਅਤੇ ”ਜੈ ਸ਼੍ਰੀ ਰਾਮ” ਦੇ ਨਾਅਰੇ ਲਗਾਉਣ ‘ਤੇ ਇਕ ਵਿਅਕਤੀ ਨੂੰ ਕੁੱਟਣ ਦੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕਰ ਰਹੇ ਸਨ। ਧਰਨੇ ਦੌਰਾਨ ਮੌਕੇ ਉਤੇ ਡੀ. ਸੀ. ਪੀ. ਨਰੇਸ਼ ਡੋਗਰਾ ਪਹੁੰਚੇ ਅਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਚਾਰ ਦੋਸ਼ੀਆਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਜਾਵੇ ਅਤੇ ਇਸ ਮਾਮਲੇ ਵਿੱਚ ਜੋ ਵੀ ਦੋਸ਼ੀ ਪਾਇਆ ਗਿਆ, ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਜਾਣੋ ਕੀ ਹੈ ਪੂਰਾ ਮਾਮਲਾ
ਇਹ ਵਿਵਾਦ ਸ਼ੁੱਕਰਵਾਰ ਸ਼ਾਮ ਨੂੰ ਉਸ ਵੇਲੇ ਭਖਿਆ ਜਦੋਂ ਪ੍ਰੈੱਸ ਕਲੱਬ ਨੇੜੇ ਮੁਸਲਿਮ ਅਤੇ ਹਿੰਦੂ ਧਿਰ ਵਿਚਾਲੇ ਝਗੜਾ ਹੋਇਆ। ਦਰਅਸਲ ਆਲ ਇੰਡੀਆ ਉਲੇਮਾ ਦੇ ਮੈਂਬਰ ਕਮਿਸ਼ਨਰ ਦਫ਼ਤਰ ਵਿੱਚ ਇਕ ਮੰਗ ਪੱਤਰ ਦੇਣ ਜਾ ਰਹੇ ਸਨ। ਇਸ ਦੌਰਾਨ ਪੋਸਟ ਆਫਿਸ ਨੇੜੇ ਸਕੂਟਰੀ ‘ਤੇ ਜਾ ਰਹੇ ਯੋਗੇਸ਼ ਨਾਂ ਦੇ ਇਕ ਨੌਜਵਾਨ ਨੇ “ਅੱਲ੍ਹਾ ਹੂ ਅਕਬਰ” ਦਾ ਨਾਅਰਾ ਸੁਣ ਕੇ ਭੀੜ ਵਿੱਚ “ਜੈ ਸ਼੍ਰੀ ਰਾਮ” ਦਾ ਜੈਕਾਰਾ ਲਾਇਆ। ਇਸ ਦੇ ਬਾਅਦ ਮਾਹੌਲ ਭਖ ਗਿਆ। ਯੋਗੇਸ਼ ਦਾ ਦੋਸ਼ ਹੈ ਕਿ ਮੁਸਲਿਮ ਨੌਜਵਾਨਾਂ ਨੇ ਉਸ ਦੀ ਸਕੂਟਰੀ ਨੂੰ ਘੇਰ ਲਿਆ, ਉਸ ਨਾਲ ਧੱਕਾ-ਮੁੱਕੀ ਕੀਤੀ। ਉਸ ਦਾ ਇਹ ਵੀ ਦੋਸ਼ ਹੈ ਕਿ ਉਸ ਨੂੰ ਜ਼ਬਰਦਸਤੀ “ਅੱਲ੍ਹਾ-ਹੂ-ਅਕਬਰ” ਦਾ ਨਾਅਰਾ ਲਾਉਣ ਲਈ ਕਿਹਾ ਗਿਆ ਅਤੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ। ਜਦੋਂ ਉਹ ਨਾ ਮੰਨਿਆ ਤਾਂ ਉਸ ਨਾਲ ਕੁੱਟਮਾਰ ਕੀਤੀ ਗਈ।

