ਬਠਿੰਡਾ : ਅਮਰੀਕਾ ਤੇ ਇਜ਼ਰਾਇਲ ਵੱਲੋਂ ਈਰਾਨ ‘ਤੇ ਕੀਤੇ ਵੱਡੇ ਹਮਲੇ ਖਿਲਾਫ ਅੱਜ ਲੋਕ ਮੋਰਚਾ ਪੰਜਾਬ ਅਤੇ ਇਨਕਲਾਬੀ ਕੇਂਦਰ ਪੰਜਾਬ ਵੱਲੋਂ ਬਠਿੰਡਾ ਸ਼ਹਿਰ ਅੰਦਰ ਵੱਡਾ ਰੋਸ ਮਾਰਚ ਕੀਤਾ ਗਿਆ ਅਤੇ ਇਸ ਜੰਗ ਦੇ ਖਿਲਾਫ ਜ਼ੋਰਦਾਰ ਆਵਾਜ਼ ਉਠਾਈ ਗਈ। ਇਸ ਪ੍ਰਦਰਸ਼ਨ ਤੋਂ ਪਹਿਲਾਂ ਟੀਚਰ ਹੋਮ ਬਠਿੰਡਾ ਵਿਖੇ ਇਕੱਤਰਤਾ ਕੀਤੀ ਗਈ ਜਿਹਦੇ ਵਿੱਚ ਵੱਖ-ਵੱਖ ਤਬਕਿਆਂ ਵੱਲੋਂ ਭਰਵੀਂ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਗਈ।
ਇਕੱਤਰਤਾ ਨੂੰ ਸੰਬੋਧਨ ਕਰਦਿਆਂ ਲੋਕ ਮੋਰਚਾ ਪੰਜਾਬ ਦੇ ਸੂਬਾਈ ਸਕੱਤਰ ਜਗਮੇਲ ਸਿੰਘ ਅਤੇ ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾਈ ਆਗੂ ਮੁਖਤਿਆਰ ਪੂਹਲਾ ਨੇ ਕਿਹਾ ਕਿ ਈਰਾਨ ਅਮਰੀਕੀ ਧੌਂਸ ਮੰਨਣ ਤੋਂ ਨਾਬਰ ਹੈ ਅਤੇ ਇਸ ਕਰ ਕੇ ਇਹ ਅਮਰੀਕਾ ਨੂੰ ਮੱਧ ਪੂਰਬ ਅੰਦਰ ਆਪਣੀ ਸਾਮਰਾਜੀ ਲੁੱਟ ਦੀਆਂ ਸਕੀਮਾਂ ਵਿੱਚ ਵੱਡਾ ਅੜਿੱਕਾ ਜਾਪ ਰਿਹਾ ਹੈ। ਤੇਲ ਭੰਡਾਰਾਂ ਵਿੱਚ ਨਾਲ ਭਰਪੂਰ ਮੱਧ ਪੂਰਬ ਦੇ ਖੇਤਰ ਅੰਦਰ ਅਮਰੀਕਾ ਬੇਰੋਕ ਟੋਕ ਲੁੱਟ ਜਾਰੀ ਰੱਖਣਾ ਚਾਹੁੰਦਾ ਹੈ ਤੇ ਇਜ਼ਰਾਇਲ ਇਸ ਖੇਤਰ ਅੰਦਰ ਉਸਦਾ ਵੱਡਾ ਹੱਥ ਠੋਕਾ ਹੈ। ਈਰਾਨ ਦੀ ਖਾਮੇਨੇਈ ਹਕੂਮਤ ਉਹਨਾਂ ਚੁਨਿੰਦਾ ਹਕੂਮਤਾਂ ਵਿੱਚੋਂ ਸੀ ਜਿਸਨੇ ਆਪਣੇ ਦੇਸ਼ਾਂ ਅੰਦਰ ਅਮਰੀਕੀ ਧੌਂਸ ਮੰਨਣ ਤੋਂ ਇਨਕਾਰ ਕਰਨ ਦੀ ਦਲੇਰੀ ਦਿਖਾਈ ਹੈ।
ਟਰੰਪ ਹਕੂਮਤ ਪਿਛਲੇ ਲੰਬੇ ਸਮੇਂ ਤੋਂ ਇਸ ਉੱਤੇ ਆਰਥਿਕ ਰੋਕਾਂ ਲਾਉਂਦੀ ਆ ਰਹੀ ਹੈ, ਪਰ ਇਹਨਾਂ ਆਰਥਿਕ ਪਾਬੰਦੀਆਂ ਦੇ ਬਾਵਜੂਦ ਈਰਾਨ ਡਟਿਆ ਰਿਹਾ ਹੈ। ਹੁਣ ਆਰਥਿਕ ਪਾਬੰਦੀਆਂ ਦਾ ਹਥਿਆਰ ਫੇਹਲ ਹੋ ਜਾਣ ਤੋਂ ਬਾਅਦ ਅਮਰੀਕਾ ਨੰਗੇ ਚਿੱਟੇ ਹਮਲੇ ਤੇ ਉੱਤਰ ਆਇਆ ਹੈ। ਪਿਛਲੇ ਸਾਲ ਵੀ ਅਮਰੀਕੀ ਅਤੇ ਇਜ਼ਰਾਇਲੀ ਹਾਕਮਾਂ ਨੇ ਈਰਾਨ ਉੱਤੇ ਹਮਲੇ ਕੀਤੇ ਸਨ ਪਰ ਉਹ ਇਸਦੇ ਬਾਵਜੂਦ ਖਾਮੇਨੇਈ ਹਕੂਮਤ ਨੂੰ ਝੁਕਾ ਨਹੀਂ ਸਕੇ ਸਨ। ਹੁਣ ਉਹਨਾਂ ਨੇ ਵੱਡੀ ਪੱਧਰ ਉੱਤੇ ਹਵਾਈ ਹਮਲਿਆਂ ਨਾਲ ਇਸਦੇ ਚੋਟੀ ਦੇ ਆਗੂਆਂ ਨੂੰ ਮਾਰ ਕੇ ਇਸ ਦੇਸ਼ ਅੰਦਰ ਅਮਰੀਕਾ ਪੱਖੀ ਸਰਕਾਰ ਖੜ੍ਹੀ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਹਨ

