ਬ੍ਰਿਟੇਨ ’ਚ ਲੰਦਨ ਦੇ ਸਾਊਥਪੋਰਟ ‘ਚ ਤਿੰਨ ਬੱਚੀਆਂ ਦੀ ਡਾਂਸ ਕਲਾਸ ‘ਚ ਚਾਕੂ ਨਾਲ ਕੀਤੇ ਕਤਲ ਤੋਂ ਬਾਅਦ ਬ੍ਰਿਟੇਨ ਦੇ ਸ਼ਹਿਰਾਂ ਅਤੇ ਕਸਬਿਆਂ ‘ਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਹਨ ਜੋ ਕਿ ਵੱਧਦੇ ਹੀ ਜਾ ਰਹੇ ਹਨ। ਐਤਵਾਰ ਨੂੰ ਇੱਕ ਵਾਰ ਫਿਰ ਸੈਂਕੜੇ ਇਮੀਗ੍ਰੇਸ਼ਨ ਵਿਰੋਧੀ ਪ੍ਰਦਰਸ਼ਨਕਾਰੀ ਇੱਕਠੋ ਹੋਏ ਜਿੰਨ੍ਹਾਂ ਨੇ ਰੋਦਰਹੈਮ ਨੇੜੇ ਇਕ ਹੋਟਲ ’ਤੇ ਹਮਲਾ ਕਰ ਦਿੱਤਾ। ਦਰਅਸਲ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਕਿਹਾ ਸੀ ਕਿ ਇਹ ਸ਼ਰਨਾਰਥੀ ਦੀ ਰਿਹਾਇਸ਼ ਹੈ।
ਇੱਕ ਗਵਾਹ ਨੇ ਦੱਸਿਆ ਕਿ ਪ੍ਰਦਰਸ਼ਨਕਾਰੀਆਂ ਵਿੱਚੋਂ ਬਹੁਤ ਸਾਰੇ ਲੋਕ ਨਕਾਬਪੋਸ਼ ਸਨ। ਜਿੰਨ੍ਹਾਂ ਨੇ ਪੁਲਿਸ ‘ਤੇ ਇੱਟਾਂ ਸੁੱਟੀਆਂ ਅਤੇ ਹੋਟਲ ਦੀਆਂ ਖਿੜਕੀਆਂ ਤੋੜ ਦਿੱਤੀਆਂ ਅਤੇ ਫਿਰ ਹੋਟਲ ਦੇ ਨੇੜੇ ਇੱਕ ਵੱਡੇ ਕੂੜੇਦਾਨ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਦ ਨਿੰਦਾ ਕਰਦੇ ਹੋਏ ਬ੍ਰਿਟਿਸ਼ ਪੀਐੱਮ ਨੇ ਇੱਕ ਬਿਆਨ ਚ ਕਿਹਾ ਕਿ ਮੈਂ ਇਸ ਹਫਤੇ ਦੇ ਅੰਤ ਵਿੱਚ ਸੱਜੇ-ਪੱਖੀ ਗੁੰਡਾਗਰਦੀ ਦੀ ਸਖ਼ਤ ਨਿੰਦਾ ਕਰਦਾ ਹਾਂ। ਇਹ ਅਪਰਾਧਿਕ ਹਿੰਸਾ ਹੈ, ਇਹ ਵਿਰੋਧ ਜਾਇਜ਼ ਨਹੀਂ ਹੈ। ਦੋਸ਼ੀਆਂ ਨੂੰ ਸਖ਼ਤ ਕਾਨੂੰਨ ਦਾ ਸਾਹਮਣਾ ਕਰਨਾ ਪਵੇਗਾ।
ਜ਼ਿਕਰਯੋਗ ਐ ਕਿ ਇਸ ਤੋਂ ਪਹਿਲਾਂ ਸ਼ਨੀਵਾਰ ਨੂੰ ਹਜ਼ਾਰਾਂ ਪ੍ਰਦਰਸ਼ਨਕਾਰੀ ਇੱਕਠੇ ਹੋਏ, ਜਿੱਥੇ ਦੇਸ਼ ਦੇ ਚਾਰ ਸ਼ਹਿਰਾਂ ਵਿੱਚ ਭੀੜ ਨੇ ਵੱਖ-ਵੱਖ ਇਲਾਕਿਆਂ ਚ’ ਹਿੰਸਕ ਘਟਨਾਵਾਂ ਨੂੰ ਅੰਜ਼ਾਮ ਦਿੱਤਾ। ਦੁਕਾਨਾਂ ਤੇ ਲੁੱਟ-ਖੋਹ ਕੀਤੀ ਗਈ। ਪੁਲਿਸ ਕਰਮੀਆਂ ਨਾਲ ਕੁੱਟਮਾਰ ਕੀਤੀ ਗਈ। ਇਸ ਦੇ ਨਾਲ ਹੀ ਜਨਤਕ ਜਾਇਦਾਦਾਂ ਨੂੰ ਨੁਕਸਾਨ ਪਹੁੰਚਾਇਆ ਗਿਆ।