ਸੰਗਤ ਮੰਡੀ -ਪਿੰਡ ਜੰਗੀਰਾਣਾ ਵਿਖੇ ਜੰਮੂ-ਕਸ਼ਮੀਰ ਦੇ ਲੇਹ–ਲਦਾਖ ’ਚ ਡਿਊਟੀ ਦੌਰਾਨ ਮਾਪਿਆਂ ਦਾ ਇਕਲੌਤਾ ਪੁੱਤ ਸ਼ਹੀਦੀ ਦਾ ਜਾਮ ਪੀ ਗਿਆ। ਘਟਨਾ ਦਾ ਪਤਾ ਲੱਗਦਿਆਂ ਹੀ ਸਮੁੱਚੇ ਪਿੰਡ ’ਚ ਸੋਗ ਦੀ ਲਹਿਰ ਦੌੜ ਗਈ। ਪਿੰਡ ਦੇ ਸਾਬਕਾ ਸਰਪੰਚ ਨਿਰਮਲ ਸਿੰਘ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਗੁਰਦੀਪ ਸਿੰਘ (22) ਪੁੱਤਰ ਜਗਜੀਤ ਸਿੰਘ ਹਾਲੇ ਥੋੜ੍ਹਾ ਸਮਾਂ ਪਹਿਲਾ ਹੀ ਫ਼ੌਜ ’ਚ ਭਰਤੀ ਹੋਇਆ ਸੀ।ਗੁਰਦੀਪ ਸਿੰਘ ਹਾਲੇ ਕੁਆਰਾ ਸੀ, ਜਿਸ ਦਾ ਨਵੰਬਰ ’ਚ ਵਿਆਹ ਸੀ। ਘਰ ’ਚ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਸਨ। ਇਕ ਸਾਲ ਪਹਿਲਾ ਗੁਰਦੀਪ ਸਿੰਘ ਦੇ ਪਿਤਾ ਜਗਜੀਤ ਸਿੰਘ ਦੀ ਵੀ ਮੌਤ ਹੋ ਗਈ ਸੀ। ਘਰ ’ਚ ਇਕੱਲੀ ਬਜ਼ੁਰਗ ਮਾਤਾ ਹੀ ਸੀ। ਜਿਵੇਂ ਹੀ ਗੁਰਦੀਪ ਸਿੰਘ ਦੀ ਸ਼ਹੀਦੀ ਦੀ ਖ਼ਬਰ ਘਰ ਪਹੁੰਚੀ ਤਾਂ ਵਿਆਹ ਦੀਆਂ ਖ਼ੁਸ਼ੀਆਂ ਮਾਤਮ ’ਚ ਬਦਲ ਗਈਆਂ।
ਗੁਰਦੀਪ ਸਿੰਘ ਮੱਧਵਰਗੀ ਕਿਸਾਨ ਦਾ ਪੁੱਤਰ ਸੀ। ਪਿੰਡ ਵਾਸੀਆਂ ਨੇ ਦੱਸਿਆ ਕਿ ਗੁਰਦੀਪ ਸਿੰਘ ਲੇਹ-ਲਦਾਖ ਦੇ ਉਪਰਲੇ ਪਹਾੜੀ ਇਲਾਕੇ ’ਚ ਡਿਊਟੀ ਕਰਦਾ ਸੀ, ਜਿੱਥੇ ਉਹ ਬੀਮਾਰ ਹੋ ਗਿਆ ਤੇ ਇਲਾਜ ਦੌਰਾਨ ਉਹ ਸ਼ਹੀਦੀ ਦਾ ਜਾਮ ਪੀ ਗਿਆ। ਗੁਰਦੀਪ ਸਿੰਘ ਦੀ ਅੱਜ ਮ੍ਰਿਤਕ ਦੇਹ ਪਿੰਡ ਪਹੁੰਚੇਗੀ, ਜਿੱਥੇ ਉਸ ਦਾ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਜਾਵੇਗਾ। ਉਹ ਗਰੀਬ ਕਿਸਾਨ ਪਰਿਵਾਰ ਨਾਲ ਸਬੰਧਤ ਸੀ। ਉਸ ਦੇ ਮਾਪਿਆਂ ਨੇ ਬਹੁਤ ਤੰਗੀਆਂ ਨਾਲ ਜੂਝਦਿਆਂ ਉਸ ਨੂੰ ਪੜ੍ਹਾ ਲਿਖਾ ਕੇ ਫ਼ੌਜ ਵਿਚ ਭਰਤੀ ਕਰਵਾਇਆ ਸੀ। ਉਸ ਦੀ ਮ੍ਰਿਤਕ ਦੇਹ ਅਜੇ ਆਉਣੀ ਬਾਕੀ ਹੈ ਅਤੇ ਸ਼ਹਾਦਤ ਦਾ ਕਾਰਨ ਵੀ ਫ਼ੌਜ ਵੱਲੋਂ ਡਿਕਲੇਅਰ ਕਰਨਾ ਬਾਕੀ ਹੈ।