ਅੰਬਾਲਾ- ਅੱਜ ਯਾਨੀ ਕਿ ਸੋਮਵਾਰ ਨੂੰ ਕਿਸਾਨਾਂ ਵਲੋਂ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਜਿਸ ਕਾਰਨ ਪੰਜਾਬ ਜਾਣ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੰਬਾਲਾ ਛਾਉਣੀ ਬੱਸ ਸਟੈਂਡ ‘ਤੇ ਪੰਜਾਬ ਵੱਲ ਜਾਣ ਵਾਲੇ ਯਾਤਰੀਆਂ ਦੀ ਕਾਫੀ ਭੀੜ ਵੇਖੀ ਜਾ ਰਹੀ ਹੈ। ਕਿਸਾਨਾਂ ਵਲੋਂ ਸਵੇਰੇ 7 ਵਜੇ ਤੋਂ ਸ਼ਾਮ 4 ਵਜੇ ਤੱਕ ਪੰਜਾਬ ਬੰਦ ਕਰਨ ਦੀ ਕਾਲ ਦਿੱਤੀ ਗਈ ਹੈ। ਇਸ ਤੋਂ ਯਾਤਰੀਆਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ। ਸਵੇਰ ਤੋਂ ਯਾਤਰੀ ਬੱਸ ਸਟੈਂਡ ‘ਤੇ ਬੱਸਾਂ ਦੀ ਉਡੀਕ ਕਰਦੇ ਨਜ਼ਰ ਆ ਰਹੇ ਹਨ। ਕੱਲ ਪੁਲਸ ਵਲੋਂ ਰੂਟ ਡਾਇਵਰਟ ਪਲਾਨ ਵੀ ਜਾਰੀ ਕੀਤਾ ਗਿਆ ਸੀ, ਜਿਸ ਤੋਂ ਯਾਤਰੀਆਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਲ ਨਾ ਹੋਵੇ।
ਯਾਤਰੀਆਂ ਨੇ ਦੱਸਿਆ ਕਿ ਉਹ ਬਿਹਾਰ ਤੋਂ ਆਏ ਹਨ, ਉਨ੍ਹਾਂ ਨੂੰ ਨਹੀਂ ਪਤਾ ਕਿ ਅੱਜ ਪੰਜਾਬ ਬੰਦ ਹੈ ਜੇਕਰ ਉਨ੍ਹਾਂ ਨੂੰ ਪਤਾ ਹੁੰਦਾ ਤਾਂ ਉਹ ਇੱਥੇ ਆਉਂਦੇ ਹੀ ਨਾ। ਉਹ ਸਵੇਰੇ 5 ਵਜੇ ਤੋਂ ਬੱਸ ਦੀ ਉਡੀਕ ਕਰ ਰਹੇ ਹਨ। ਉੱਥੇ ਹੀ ਬੱਸ ਸਟੈਂਡ ‘ਤੇ ਉਡੀਕ ਕਰ ਰਹੇ ਵਿਦਿਆਰਥੀਆਂ ਨੇ ਦੱਸਿਆ ਕਿ ਉਹ ਲਖਨਊ ਤੋਂ ਆਏ ਹਨ। ਉਨ੍ਹਾਂ ਨੂੰ ਮਨਾਲੀ ਘੁੰਮਣ ਜਾਣਾ ਸੀ। ਉਨ੍ਹਾਂ ਦੀ ਟਰੇਨ ਚੰਡੀਗੜ੍ਹ ਦੀ ਸੀ ਅਤੇ ਉਹ ਕੈਂਸਲ ਹੋ ਗਈ। ਬੱਸ ਸਟੈਂਡ ਆ ਕੇ ਵੇਖਿਆ ਤਾਂ ਇੱਥੇ ਬੱਸਾਂ ਵੀ ਨਹੀਂ ਚੱਲ ਰਹੀਆਂ। ਇਸ ਬਾਰੇ ਜਦੋਂ ਅੰਬਾਲਾ ਛਾਉਣੀ ਬੱਸ ਅੱਡਾ ਇੰਚਾਰਜ ਵਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਅੱਜ ਪੰਜਾਬ ਬੰਦ ਦੇ ਚੱਲਦੇ ਬੱਸਾਂ ਦੀ ਆਵਾਜਾਈ ਬੰਦ ਹੈ। ਦਿੱਲੀ-ਪਾਨੀਪਤ ਜਾਣ ਵਾਲੇ ਯਾਤਰੀਆਂ ਨੂੰ ਅੰਬਾਲਾ ਬੱਸ ਸਟੈਂਡ ‘ਤੇ ਹੀ ਉਤਾਰਿਆ ਜਾ ਰਿਹਾ ਹੈ। ਯਾਤਰੀਆਂ ਦੇ ਬੰਦੋਬਸਤ ਲਈ ਅੰਬਾਲਾ ਛਾਉਣੀ ਵਿਚ ਰੈਨ ਬਸੇਰਾ ਹੈ, ਜੇਕਰ ਲੋੜ ਪਈ ਤਾਂ ਯਾਤਰੀਆਂ ਨੂੰ ਉਥੇ ਰੁਕਵਾ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਕਿਸਾਨੀ ਮੰਗਾਂ ਨੂੰ ਮਨਵਾਉਣ ਲਈ ਕਿਸਾਨਾਂ ਵਲੋਂ ਅੱਜ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ, ਜਿਸ ਦੇ ਤਹਿਤ ਸੜਕਾਂ, ਰੇਲ ਆਵਾਜਾਈ ਅਤੇ ਨੈਸ਼ਨਲ ਹਾਈਵੇਅ ਬੰਦ ਕੀਤੇ ਗਏ ਹਨ।