ਕਪੂਰਥਲਾ -ਹੁਣ ਬੀ. ਐੱਨ. ਐੱਸ. ਐੱਸ. ਦੀ ਧਾਰਾ 107 ਦੇ ਤਹਿਤ ਭੋਲੇ-ਭਾਲੇ ਲੋਕਾਂ ਨੂੰ ਵਿਦੇਸ਼ ਦਾ ਸੁਫ਼ਨਾ ਵਿਖਾ ਕੇ ਲੱਖਾਂ ਕਰੋੜਾਂ ਰੁਪਏ ਠੱਗਣ ਵਾਲੇ ਫਰਜ਼ੀ ਟਰੈਵਲ ਏਜੰਟਾਂ ਵੱਲੋਂ ਕਾਲੀ ਕਮਾਈ ਦੀ ਮਦਦ ਨਾਲ ਬਣਾਈ ਪ੍ਰਾਪਰਟੀ ਨੂੰ ਜਿੱਥੇ ਪੁਲਸ ਅਦਾਲਤਾਂ ਦੀ ਮਾਰਫਤ ਜ਼ਬਤ ਕਰਨ ਦੀ ਕਾਰਵਾਈ ਕਰ ਸਕੇਗੀ, ਉੱਥੇ ਹੀ ਵਿਦੇਸ਼ਾਂ ਖ਼ਾਸ ਕਰਕੇ ਦੱਖਣੀ ਅਮਰੀਕੀ ਦੇਸ਼ਾਂ ’ਚ ਬੈਠ ਕੇ ਕਬੂਤਰਬਾਜ਼ੀ ਦਾ ਵੱਡਾ ਨੈੱਟਵਰਕ ਚਲਾਉਣ ਵਾਲੇ ਜ਼ਿਲ੍ਹੇ ਨਾਲ ਸਬੰਧਤ ਕਈ ਫਰਜ਼ੀ ਟਰੈਵਲ ਏਜੰਟਾਂ ਖ਼ਿਲਾਫ਼ ਵੱਡੀ ਗਿਣਤੀ ’ਚ ਮਾਮਲੇ ਦਰਜ ਕੀਤੇ ਗਏ ਹਨ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਬਣਾਈ ਗਈ ਪ੍ਰਾਪਰਟੀ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
ਐੱਸ. ਐੱਸ. ਪੀ. ਕਪੂਰਥਲਾ ਫਰਜ਼ੀ ਟਰੈਵਲ ਏਜੰਟਾਂ ਵਿਰੁੱਧ ਪੰਜਾਬ ਪੁਲਸ ਦੁਆਰਾ ਚਲਾਈ ਜਾ ਰਹੀ ਸਖ਼ਤ ਮੁਹਿੰਮ ਬਾਰੇ ਵਿਸ਼ੇਸ਼ ਜਾਣਕਾਰੀ ਦੇ ਰਹੇ ਸਨ।
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਐੱਨ. ਡੀ. ਪੀ. ਐੱਸ. ਮਾਮਲਿਆਂ ’ਚ ਸ਼ਾਮਲ ਮੁਲਜ਼ਮਾਂ ਦੀਆਂ ਕਰੋੜਾਂ ਰੁਪਏ ਦੀ ਪ੍ਰਾਪਰਟੀ ਨੂੰ ਕਪੂਰਥਲਾ ਪੁਲਸ ਵੱਲੋਂ ਸਰਕਾਰੀ ਤੌਰ ’ਤੇ ਅਟੈਚ ਕੀਤਾ ਹੈ, ਉਸੇ ਤਰ੍ਹਾਂ ਹੁਣ ਮਾਸੂਮ ਲੋਕਾਂ ਤੋਂ ਹੜੱਪੀ ਗਈ ਰਕਮ ਦੇ ਸਹਾਰੇ ਐਸ਼ੋ-ਆਰਾਮ ਕਰਨ ਵਾਲੇ ਫਰਜ਼ੀ ਟਰੈਵਲ ਏਜੰਟਾਂ ਦੀਆਂ ਜਾਇਦਾਦਾਂ ’ਤੇ ਵਿਸ਼ੇਸ਼ ਨਜ਼ਰ ਰੱਖਣ ਦੀ ਪ੍ਰਕਿਰਿਆ ਤੇਜ਼ ਕਰ ਦਿੱਤੀ ਗਈ ਹੈ। ਇਸ ਤਹਿਤ ਉਨ੍ਹਾਂ ਕਬੂਤਰਬਾਜ਼ਾਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ, ਜੋ ਦੱਖਣੀ ਅਮਰੀਕੀ ਦੇਸ਼ਾਂ ਮੈਕਸੀਕੋ, ਹਾਂਡੂਰਸ, ਅਲ ਸਲਵਾਡੋਰ ਅਤੇ ਗੁਆਟੇਮਾਲਾ ’ਚ ਬੈਠ ਕੇ ਨੌਜਵਾਨਾਂ ਨੂੰ ਖ਼ਤਰਨਾਕ ਜੰਗਲੀ ਰਸਤਿਆਂ ਰਾਹੀਂ ਅਮਰੀਕਾ ਭੇਜਣ ਦੀ ਖ਼ਤਰਨਾਕ ਖੇਡ ਨੂੰ ਅੰਜਾਮ ਦੇ ਰਹੇ ਹਨ।