Wednesday, April 2, 2025

Become a member

Get the best offers and updates relating to Liberty Case News.

― Advertisement ―

spot_img
spot_img
HomePunjabਪੰਜਾਬ ਸਰਕਾਰ ਵੱਲੋਂ ਵਾਧੂ ਸੂਰਜੀ ਊਰਜਾ ਪੈਦਾ ਕਰਨ ਲਈ ਕਿਸਾਨਾਂ ਨੂੰ ਦਿੱਤਾ...

ਪੰਜਾਬ ਸਰਕਾਰ ਵੱਲੋਂ ਵਾਧੂ ਸੂਰਜੀ ਊਰਜਾ ਪੈਦਾ ਕਰਨ ਲਈ ਕਿਸਾਨਾਂ ਨੂੰ ਦਿੱਤਾ ਜਾਵੇਗਾ ਲਾਭ: ਅਮਨ ਅਰੋੜਾ

 

ਚੰਡੀਗੜ੍ਹ,
ਪੰਜਾਬ ਦੇ ਨਵੀਂ ਅਤੇ ਨਵਿਆਉਣਯੋਗ ਊਰਜਾ ਸਰੋਤ ਮੰਤਰੀ ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ ਸੂਬੇ ਨੂੰ ਗਰੀਨ ਊਰਜਾ ਉਤਪਾਦਨ ਵਿੱਚ ਮੋਹਰੀ ਬਣਾਉਣ ਲਈ ਦੀ ਦਿਸ਼ਾ ਵਿੱਚ ਅਹਿਮ ਕਦਮ ਚੁੱਕਦਿਆਂ ਪੰਜਾਬ ਸਰਕਾਰ ਵੱਲੋਂ ਖੇਤੀਬਾੜੀ ਲਈ ਲਗਾਏ ਗਏ ਸੋਲਰ ਪੰਪਾਂ ਰਾਹੀਂ ਵਾਧੂ ਸੌਰ ਊਰਜਾ ਪੈਦਾ ਕਰਨ ਉਤੇ ਕਿਸਾਨਾਂ ਨੂੰ ਲਾਭ ਦੇਣ ਵਾਸਤੇ ਵਿਚਾਰ ਕੀਤਾ ਜਾ ਰਿਹਾ ਹੈ।

ਉਹ ਅੱਜ ਪੰਜਾਬ ਵਿਧਾਨ ਸਭਾ ਵਿੱਚ ਪ੍ਰਸ਼ਨ ਕਾਲ ਦੌਰਾਨ ਸੁਜਾਨਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸ੍ਰੀ ਨਰੇਸ਼ ਪੁਰੀ ਵੱਲੋਂ ਪੁੱਛੇ ਸਵਾਲ ਦਾ ਜਵਾਬ ਦੇ ਰਹੇ ਸਨ।

ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਇਹ ਅਗਾਂਹਵਧੂ ਕਦਮ ਸੂਬੇ ਦੇ ਕਿਸਾਨਾਂ ਨੂੰ ਸਮਰੱਥ ਬਣਾਉਣ ਦੇ ਨਾਲ-ਨਾਲ ਨਵਿਆਉਣਯੋਗ ਊਰਜਾ ਖੇਤਰ ਨੂੰ ਹੁਲਾਰਾ ਦੇਵੇਗਾ ਅਤੇ ਸੂਬੇ ਦੇ ਟਿਕਾਊ ਭਵਿੱਖ ਵਿੱਚ ਅਹਿਮ ਯੋਗਦਾਨ ਪਾਵੇਗਾ। ਇਸ ਪ੍ਰਸਤਾਵਿਤ ਨੀਤੀ ਤਹਿਤ ਕਿਸਾਨਾਂ ਨੂੰ ਉਨ੍ਹਾਂ ਦੀ ਆਪਣੀ ਖਪਤ ਤੋਂ ਵੱਧ ਸੂਰਜੀ ਊਰਜਾ ਪੈਦਾ ਕਰਨ ਉਤੇ ਲਾਭ ਦਿੱਤਾ ਜਾਵੇਗਾ। ਇਸ ਵਾਧੂ ਊਰਜਾ ਨੂੰ ਗਰਿੱਡ ਵਿੱਚ ਭੇਜਿਆ ਜਾਵੇਗਾ, ਜੋ ਸੂਬੇ ਦੀ ਊਰਜਾ ਸਪਲਾਈ ਵਿੱਚ ਯੋਗਦਾਨ ਪਾਵੇਗੀ ਅਤੇ ਪੰਜਾਬ ਨੂੰ ਹਰਿਆ-ਭਰਿਆ ਤੇ ਵਧੇਰੇ ਟਿਕਾਊ ਬਣਾਉਣ ਲਈ ਰਵਾਇਤੀ ਈਂਧਨ ‘ਤੇ ਨਿਰਭਰਤਾ ਨੂੰ ਘਟਾਏਗੀ।

ਸ੍ਰੀ ਅਮਨ ਅਰੋੜਾ ਨੇ ਕਿਹਾ, “ਕਿਸਾਨਾਂ ਨੂੰ ਨਵਿਆਉਣਯੋਗ ਊਰਜਾ ਦੇ ਖੇਤਰ ਵਿੱਚ ਸਰਗਰਮ ਭਾਗੀਦਾਰ ਬਣਾ ਕੇ, ਅਸੀਂ ਨਾ ਸਿਰਫ਼ ਸਵੱਛ ਊਰਜਾ ਨੂੰ ਉਤਸ਼ਾਹਿਤ ਕਰ ਰਹੇ ਹਾਂ ਬਲਕਿ ਸਾਡੇ ਕਿਸਾਨਾਂ ਲਈ ਆਮਦਨ ਦੇ ਨਵੇਂ ਮੌਕੇ ਵੀ ਪੈਦਾ ਕਰ ਰਹੇ ਹਾਂ।” ਉਨ੍ਹਾਂ ਦੱਸਿਆ ਕਿ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਵੱਲੋਂ ਸੂਬੇ ਵਿੱਚ ਖੇਤੀ ਵਰਤੋਂ ਲਈ 20,000 ਸੋਲਰ ਪੰਪ ਲਗਾਏ ਜਾਣਗੇ ਅਤੇ ਇਹਨਾਂ ਵਿੱਚੋਂ ਪੰਜ ਹਜ਼ਾਰ ਤੋਂ ਵੱਧ ਪੰਪ ਪਹਿਲਾਂ ਹੀ ਕਿਸਾਨਾਂ ਨੂੰ ਅਲਾਟ ਕੀਤੇ ਜਾ ਚੁੱਕੇ ਹਨ।

ਸ੍ਰੀ ਅਮਨ ਅਰੋੜਾ ਨੇ ਦੱਸਿਆ ਕਿ 4,474 ਸਰਕਾਰੀ ਇਮਾਰਤਾਂ ‘ਤੇ 34 ਮੈਗਾਵਾਟ ਸੋਲਰ ਸਮਰੱਥਾ ਵਾਲੇ ਰੂਫ਼ਟਾਪ ਸੋਲਰ ਫੋਟੋਵੋਲਟੇਇਕ (ਪੀ.ਵੀ.) ਪੈਨਲ ਲਗਾਏ ਗਏ ਹਨ। ਇਹ ਰੂਫ਼ਟਾਪ ਸੋਲਰ ਪੈਨਲ ਸਾਲਾਨਾ 4.9 ਕਰੋੜ ਯੂਨਿਟ ਬਿਜਲੀ ਪੈਦਾ ਕਰ ਰਹੇ ਹਨ। ਉਨ੍ਹਾਂ ਅੱਗੇ ਦੱਸਿਆ ਕਿ ਪੇਡਾ ਵੱਲੋਂ ਅਗਲੇ ਦੋ ਵਿੱਤੀ ਸਾਲਾਂ ਵਿੱਚ ਸਰਕਾਰੀ ਇਮਾਰਤਾਂ ‘ਤੇ 100 ਮੈਗਾਵਾਟ ਸਮਰੱਥਾ ਵਾਲੇ ਸੂਰਜੀ ਊਰਜਾ ਪਲਾਂਟ ਸਥਾਪਤ ਕਰਨ ਦੀ ਯੋਜਨਾ ਉਲੀਕੀ ਗਈ ਹੈ।

ਉਨ੍ਹਾਂ ਦੱਸਿਆ ਕਿ ਗਰਿੱਡ ਨਾਲ ਜੁੜੇ ਰੂਫਟਾਪ ਸੋਲਰ ਪੀ.ਵੀ. ਪਾਵਰ ਪਲਾਂਟ ਖਪਤਕਾਰ ਪੱਧਰ ‘ਤੇ ਬਿਜਲੀ ਪੈਦਾ ਕਰਦੇ ਹਨ, ਜੋ ਕਿ ਵੰਡ ਦੌਰਾਨ ਨੈੱਟਵਰਕ ਦੇ ਨੁਕਸਾਨ ਨੂੰ ਘਟਾਉਣ ਵਿੱਚ ਮਦਦ ਕਰਦੇ ਹਨ। ਪੈਦਾ ਹੋਈ ਬਿਜਲੀ ਮੰਗ ਅਤੇ ਸਪਲਾਈ ਦੇ ਪਾੜੇ ਨੂੰ ਪੂਰਨ ਵਿੱਚ ਵੀ ਮਦਦ ਕਰਦੀ ਹੈ, ਜਿਸ ਨਾਲ ਪੀ.ਐਸ.ਪੀ.ਸੀ.ਐਲ. ਨੂੰ ਬਿਜਲੀ ਰੈਗੂਲੇਟਰੀ ਕਮਿਸ਼ਨਾਂ ਵੱਲੋਂ ਨਿਰਧਾਰਿਤ ਕੀਤੇ ਗਏ ਆਪਣੇ ਨਵਿਆਉਣਯੋਗ ਖਰੀਦਦਾਰੀ ਸਬੰਧੀ ਟੀਚਿਆਂ ਨੂੰ ਪੂਰਾ ਕਰਨ ਵਿੱਚ ਮਦਦ ਮਿਲਦੀ ਹੈ। ਉਨ੍ਹਾਂ ਦੱਸਿਆ ਕਿ ਗਰਿੱਡ ਨਾਲ ਜੁੜੇ ਪੀ.ਵੀ. ਸਿਸਟਮ ਦਿਨ ਵੇਲੇ ਬਿਜਲੀ ਪੈਦਾ ਕਰਦੇ ਹਨ ਅਤੇ ਵਾਧੂ ਬਿਜਲੀ ਗਰਿੱਡ ਵਿੱਚ ਵਾਪਸ ਭੇਜਦੇ ਹਨ।