ਚੰਡੀਗੜ੍ਹ : ਪੰਜਾਬ ਸਰਕਾਰ ਨੇ ਕੈਂਸਰ ਦੇ ਮਰੀਜ਼ਾਂ ਨੂੰ ਵੱਡੀ ਸਹੂਲਤ ਦੇਣ ਦਾ ਐਲਾਨ ਕੀਤਾ ਹੈ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਆਉਣ ਵਾਲੇ 3-4 ਮਹੀਨਿਆਂ ‘ਚ ਸੂਬੇ ‘ਚ ਪੈੱਟ ਸਕੈਨ (ਪੋਜ਼ੀਟਰੋਨ ਐਮੀਸ਼ਨ ਟੋਮੋਗ੍ਰਾਫ਼ੀ) ਦੀ ਸੇਵਾ ਮੁਫ਼ਤ ਕੀਤੀ ਜਾਵੇਗੀ ਅਤੇ ਇਹ ਪਹਿਲ ਕਦਮੀ ਸਰਕਾਰ ਵਲੋਂ ਸਿਹਤ ਖੇਤਰ ‘ਚ ਕੀਤੇ ਜਾ ਰਹੇ ਸੁਧਾਰਾਂ ਦਾ ਹਿੱਸਾ ਹੈ। ਪੈੱਟ ਸਕੈਨ ਕੈਂਸਰ ਦਾ ਜਲਦ ਪਤਾ ਲਾਉਣ ‘ਚ ਮਦਦਗਾਰ ਸਾਬਿਤ ਹੋਵੇਗੀ। ਦੱਸਣਯੋਗ ਹੈ ਕਿ ਸਰਕਾਰੀ ਹਸਪਤਾਲਾਂ ‘ਚ ਇਹ ਟੈਸਟ 8000 ਤੋਂ 10 ਹਜ਼ਾਰ ਰੁਪਏ ‘ਚ ਹੁੰਦਾ ਹੈ, ਉੱਥੇ ਹੀ ਨਿੱਜੀ ਹਸਪਤਾਲਾਂ ‘ਚ ਇਹ 18 ਹਜ਼ਾਰ ਰੁਪਏ ਤੱਕ ਹੈ।
ਇਸ ਲਈ ਸਰਕਾਰ ਨੇ ਪੈੱਟ ਸਕੈਨ ਨੂੰ ਆਮ ਲੋਕਾਂ ਲਈ ਮੁਫ਼ਤ ਕਰਨ ਦਾ ਫ਼ੈਸਲਾ ਕੀਤਾ ਹੈ। ਪੈੱਟ ਸਕੈਨ ਇਕ ਅਜਿਹੀ ਤਕਨੀਕ ਹੈ, ਜੋ ਸਰੀਰ ਦੇ ਅੰਦਰੂਨੀ ਟਿਸ਼ੂਆਂ ਅਤੇ ਅੰਗਾਂ ਦੀ ਕਾਰਗੁਜ਼ਾਰੀ ਨੂੰ ਦੇਖਣ ਲਈ ਵਰਤੀ ਜਾਂਦੀ ਹੈ। ਖ਼ਾਸ ਕਰਕੇ ਕੈਂਸਰ ਦੀ ਪਛਾਣ, ਫੈਲਾਅ ਅਤੇ ਇਲਾਜ ਦੀ ਯੋਜਨਾ ਬਣਾਉਣ ‘ਚ ਇਹ ਸਕੈਨ ਬਹੁਤ ਹੀ ਲਾਭਦਾਇਕ ਸਾਬਿਤ ਹੁੰਦੀ ਹੈ। ਡਾ. ਬਲਬੀਰ ਸਿੰਘ ਦਾ ਕਹਿਣਾ ਹੈ ਕਿ ਇਸ ਨਵੀਂ ਸਹੂਲਤ ਨਾਲ ਨਾ ਸਿਰਫ ਮਰੀਜ਼ਾਂ ਨੂੰ ਸਮੇਂ ਸਿਰ ਪੂਰੀ ਜਾਂਚ ਦੀ ਸਹੂਲਤ ਮਿਲੇਗੀ, ਸਗੋਂ ਇਲਾਜ ਦੀ ਕੁਆਲਿਟੀ ਵੀ ਨਿਖਰੇਗੀ।
ਇਹ ਵੀ ਦੱਸਣਯੋਗ ਹੈ ਕਿ ਪੰਜਾਬ ‘ਚ ਕੈਂਸਰ ਨੂੰ ਮੁੱਖ ਤੌਰ ‘ਤੇ ਮਾਲਵਾ ਇਲਾਕੇ ਦੀ ਸਮੱਸਿਆ ਮੰਨਿਆ ਜਾਂਦਾ ਸੀ ਪਰ ਹੁਣ ਇਹ ਮਾਝਾ ਅਤੇ ਦੋਆਬਾ ਵਰਗੇ ਇਲਾਕਿਆਂ ‘ਚ ਵੀ ਤੇਜ਼ੀ ਨਾਲ ਫੈਲ ਰਿਹਾ ਹੈ। ਸੂਬੇ ਭਰ ‘ਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਹਤ ਮੰਤਰੀ ਨੇ ਦੱਸਿਆ ਕਿ ਇਹ ਸਹੂਲਤ ਸਰਕਾਰੀ ਹਸਪਤਾਲਾਂ ਦੇ ਨਾਲ ਨਿੱਜੀ ਹਸਪਤਾਲਾਂ ‘ਚ ਵੀ ਮਿਲੇਗੀ। ਸਰਕਾਰ ਸੂਬੇ ਦੇ ਉਨ੍ਹਾਂ ਵੱਡੇ ਹਸਪਤਾਲਾਂ ਨੂੰ ਸੂਚੀਬੱਧ ਕਰ ਰਹੀ ਹੈ, ਜੋ ਪੈੱਟ ਸਕੈਨ ਟੈਸਟ ਦੀ ਸਹੂਲਤ ਉਪਲੱਬਧ ਕਰਵਾ ਰਹੇ ਹਨ।