ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਅੱਜ ਕੌਮਾਂਤਰੀ ਮਹਿਲਾ ਦਿਵਸ ਮੌਕੇ ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਲੈਣ ਲਈ ਸਿੰਗਾਪੁਰ ਰਵਾਨਾ ਕੀਤਾ ਗਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸਿੱਖਿਆ ਮੰਤਰੀ ਹਰਜੋਤ ਬੈਂਸ ਵੱਲੋਂ ਪ੍ਰਿੰਸੀਪਲਾਂ ਨੂੰ ਰਵਾਨਾ ਕੀਤਾ ਗਿਆ। ਇਸ ਬੈਚ ਵਿਚ ਸਰਕਾਰੀ ਸਕੂਲਾਂ ਦੇ 36 ਪ੍ਰਿੰਸੀਪਲ ਸ਼ਾਮਲ ਹਨ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅੱਜ ਕੌਮਾਂਤਰੀ ਮਹਿਲਾ ਦਿਵਸ ਹੈ ਤੇ ਟ੍ਰੇਨਿੰਗ ਲਈ ਸਿੰਗਾਪੁਰ ਜਾਣ ਵਾਲੇ ਪ੍ਰਿੰਸੀਪਲਾਂ ਦੇ ਬੈਚ ਵਿਚ ਵੀ ਜ਼ਿਆਦਾਤਰ ਔਰਤਾਂ ਹੀ ਹਨ।
ਪ੍ਰਿੰਸੀਪਲਾਂ ਦੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕਰਨ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਪੰਜਾਬ ਵਿਚ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਵੇਲੇ ਸਭ ਤੋਂ ਪਹਿਲਾਂ ਚੰਗੀ ਸਿੱਖਿਆ ਦੀ ਹੀ ਗਾਰੰਟੀ ਦਿੱਤੀ ਸੀ। ਇਸੇ ਤਹਿਤ ਪੰਜਾਬ ਵਿਚ ਸਿੱਖਿਆ ਕ੍ਰਾਂਤੀ ਜਾਰੀ ਹੈ। ਪਹਿਲਾਂ ਵੀ ਅਧਿਆਪਕਾਂ ਦੇ 6 ਬੈਚ ਫਿਨਲੈਂਡ, ਸਿੰਗਾਪੁਰ, ਅਹਿਮਦਾਬਾਦ ਤੋਂ ਸਿਖਲਾਈ ਲੈ ਕੇ ਆ ਚੁੱਕੇ ਹਨ, ਜੋ ਉੱਥੋਂ ਹਾਸਲ ਕੀਤੇ ਤਜ਼ਰਬਿਆਂ ਨਾਲ ਸਿੱਖਿਆ ਦਾ ਮਿਆਰ ਉੱਚਾ ਚੁੱਕ ਰਹੇ ਹਨ। ਅੱਜ 7ਵਾਂ ਬੈਚ ਟ੍ਰੇਨਿੰਗ ਵਾਸੇਤ ਸਿੰਗਾਪੁਰ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਸਮਾਜ ਦੇ ਨਿਰਮਾਤਾ ਮੰਨਿਆ ਜਾਂਦਾ ਹੈ। ਅਸੀਂ ਆਸ ਕਰਦੇ ਹਾਂ ਇਹ ਸਭ ਅਜਿਹੇ ਵਿਦਿਆਰਥੀ ਤਿਆਰ ਕਰਨਗੇ, ਜੋ ਦੇਸ਼ ਦੀ ਤਰੱਕੀ ਵਿਚ ਆਪਣਾ ਹਿੱਸਾ ਪਾਉਣਗੇ। ਉਨ੍ਹਾਂ ਆਸ ਜਤਾਈ ਕਿ ਇਹ ਅਧਿਆਪਕ ਸਰਕਾਰ ਅਤੇ ਲੱਖਾਂ ਪਰਿਵਾਰਾਂ ਦੀਆਂ ਉਮੀਦਾਂ ‘ਤੇ ਪੂਰੇ ਉਤਰਣਗੇ।