ਚੰਡੀਗੜ੍ਹ, ਸ਼ੁੱਕਰਵਾਰ ਨੂੰ ਸ਼ੁਰੂ ਹੋਇਆ ਪੰਜਾਬ ਸਰਕਾਰ ਦਾ ਬਜਟ ਸੈਸ਼ਨ ਅੱਜ ਦੀ ਕਾਰਵਾਈ ਪਿੱਛੋਂ ਸੋਮਵਾਰ ਸਵੇਰੇ 11 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਅੱਜ ਦਾ ਸੈਸ਼ਨ ਹੰਗਾਮਾ ਭਰਪੂਰ ਰਿਹਾ। ਬਜਟ ਸੈਸ਼ਨ ਦੀ ਸ਼ੁਰੂਆਤ ‘ਚ ਰਾਜਪਾਲ ਗੁਲਾਬ ਚੰਦ ਕਟਾਰੀਆ ਦੇਸੰਬੋਧਨ ਨਾਲ ਹੋਈ। ਇਸ ਦੇ ਤੁਰੰਤ ਬਾਅਦ ਵਿਰੋਧੀ ਧਿਰ ਵਲੋਂ ਜ਼ਬਰਦਸਤ ਵਿਰੋਧ ਕੀਤਾ ਗਿਆ ਤੇ ਕੁਝ ਦੇਰ ਬਾਅਦ ਵਿਰੋਧ ਧਿਰ ਕਾਂਗਰਸ ਸਦਨ ਤੋਂ ਵਾਕਆਊਟ ਕਰ ਗਈ। ਅੱਜ ਦੀ ਕਾਰਵਾਈ ਦੌਰਾਨ ਵਿਧਾਇਕ ਵਲੋਂ ਆਪਣੇ-ਆਪਣੇ ਖੇਤਰਾਂ ਅਤੇ ਸੂਬੇ ਨਾਲ ਸੰਬੰਧਤ ਕਈ ਮੁੱਦੇ ਚੁੱਕੇ ਗਏ-
ਜ਼ੀਰੋ ਆਵਰ ਦੌਰਾਨ ਬਾਜਵਾ ਨੇ ਕਿਹਾ ਕਿ ਕਰਨਲ 13 ਤਾਰੀਖ ਨੂੰ ਆਪਣੇ ਪੁੱਤ ਨਾਲ ਖਾਣਾ ਖਾਣ ਆਏ ਸਨ। ਉਨ੍ਹਾਂ ਦੀ ਪਤਨੀ ਮੁਤਾਬਕ 12 ਪੁਲਸ ਮੁਲਾਜ਼ਮ ਸਿਵਲ ਵਰਦੀ ਵਿਚ ਆਏ ਅਤੇ ਪਾਰਕਿੰਗ ਨੂੰ ਲੈ ਕੇ ਵਿਵਾਦ ਹੋ ਗਿਆ। ਇਸ ਦੌਰਾਨ ਪੁਲਸ ਵਾਲਿਆਂ ਨੇ ਕਰਨਲ ਨਾਲ ਕੁੱਟਮਾਰ ਕੀਤੀ ਅਤੇ ਉਨ੍ਹਾਂ ਦੀ ਪੱਗ ਵੀ ਉਤਾਰ ਦਿੱਤੀ। ਕਰਨਲ ਨੇ ਆਪਣਾ ਆਈ. ਡੀ. ਕਾਰਡ ਵੀ ਦਿਖਾਇਆ ਪਰ ਉਹ ਨਹੀਂ ਰੁਕੇ। ਪ੍ਰਤਾਪ ਬਾਜਵਾ ਨੇ ਉਦਾਹਰਣ ਦਿੰਦਿਆਂ ਕਿਹਾ ਕਿ 1992 ਵਿਚ ਵੀ ਇਸੇ ਤਰ੍ਹਾਂ ਦਾ ਇਕ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਆਰਮੀ ਕਮਾਂਡ ਨੇ ਇਹ ਮੁੱਦਾ ਗਵਰਨਰ ਕੋਲ ਚੁੱਕਿਆ। ਜਾਂਚ ਦੌਰਾਨ ਐੱਸ.ਐੱਸ. ਪੀ. ਦੀ ਗਲਤੀ ਪਾਈ ਗਈ, ਜਿਸ ਤੋਂ ਬਾਅਦ ਉਸ ਨੂੰ ਮੂਲ ਕੈਡਰ ਪੰਜਾਬ ਵਿਚ ਵਾਪਸ ਭੇਜ ਦਿੱਤਾ ਗਿਆ। ਉਨ੍ਹਾਂ ਨੇ ਮੰਗ ਕੀਤੀ ਕਿ ਪਟਿਆਲਾ ਦੇ ਐੱਸ. ਐੱਸ. ਪੀ. ਨਾਨਕ ਸਿੰਘ ਨੂੰ ਵੀ ਉਥੋਂ ਹਟਾਇਆ ਜਾਵੇ ਕਿਉਂਕਿ ਉਨ੍ਹਾਂ ਨੇ ਮੁਲਜ਼ਮ ਪੁਲਸ ਵਾਲਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਹੈ।