ਚੰਡੀਗੜ੍ਹ- ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਕੇਂਦਰੀ ਬਜਟ 2026 ’ਤੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਰੀਬ 12 ਸਾਲਾਂ ਦੀ ਸਰਕਾਰ ਦੌਰਾਨ ਪੰਜਾਬ ਨੂੰ ਕਦੇ ਵੀ ਉਸਦਾ ਬਣਦਾ ਹੱਕ ਨਹੀਂ ਮਿਲਿਆ ਅਤੇ ਇਸ ਵਾਰ ਦਾ ਬਜਟ ਵੀ ਇਸ ਤੋਂ ਅਲੱਗ ਨਹੀਂ ਹੈ।ਰਾਜਾ ਵੜਿੰਗ ਨੇ ਕਿਹਾ ਕਿ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਆਪਣੇ ਬਜਟ ਭਾਸ਼ਣ ਦੌਰਾਨ ਇੱਕ ਵਾਰ ਵੀ ਪੰਜਾਬ ਦਾ ਨਾਂ ਨਹੀਂ ਲਿਆ, ਜੋ ਸੂਬੇ ਨਾਲ ਹੋ ਰਹੀ ਲਗਾਤਾਰ ਅਣਦੇਖੀ ਨੂੰ ਦਰਸਾਉਂਦਾ ਹੈ।ਉਨ੍ਹਾਂ ਨੇ ਕਿਹਾ ਕਿ ਅੱਜ ਪ੍ਰਧਾਨ ਮੰਤਰੀ ਸੰਤ ਗੁਰੂ ਰਵਿਦਾਸ ਜੀ ਦੇ 649ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਪੰਜਾਬ ਦੌਰੇ ’ਤੇ ਆ ਰਹੇ ਹਨ, ਪਰ ਇਸ ਮੌਕੇ ਵੀ ਕੋਈ ਬਜਟ ਅਲਾਟ ਨਹੀਂ ਕੀਤਾ ਗਿਆ। ਰਾਜਾ ਵੜਿੰਗ ਨੇ ਕਿਹਾ ਕਿ ਘੱਟੋ-ਘੱਟ ਕੇਂਦਰ ਸਰਕਾਰ ਗੁਰੂ ਰਵਿਦਾਸ ਜੀ ਦੇ ਨਾਂ ’ਤੇ ਇੱਕ ਅੰਤਰਰਾਸ਼ਟਰੀ ਯੂਨੀਵਰਸਿਟੀ ਦਾ ਐਲਾਨ ਤਾਂ ਕਰ ਸਕਦੀ ਸੀ।

