ਪੰਜਾਬ ਸਰਕਾਰ ਦੇ ਨਿਰਦੇਸ਼ਾਂ ’ਤੇ ਪੁਲਿਸ ਪੁਲਿਸ ਲਗਾਤਾਰ ਨਸ਼ੀਲੇ ਪਦਾਰਥਾਂ ਵਿਰੁੱਧ ਕਾਰਵਾਈ ਕਰ ਰਹੀ ਹੈ। ਇਸੇ ਤਰ੍ਹਾਂ ਤਰਨਤਾਰਨ ਪੁਲਿਸ ਨੇ ਵਿਦੇਸ਼ ਵਿੱਚ ਬੈਠ ਕੇ ਭਾਰਤ ਵਿੱਚ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਸਰਗਨਾ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਦਰਅਸਲ ਪੰਜਾਬ ਪੁਲਿਸ ਨੇ ਅੱਜ ਇਹ ਕਾਰਵਾਈ ਕੇਂਦਰੀ ਏਜੰਸੀਆਂ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਮਿਲ ਕੇ ਕੀਤੀ ਹੈ। ਫੜਿਆ ਗਿਆ ਮੁਲਜ਼ਮ ਸਮੱਗਲਰ ਸਿਰਫ ਭਾਰਤ ਵਿੱਚ ਹੀ ਨਹੀਂ ਵਿਦੇਸ਼ਾਂ ਵਿੱਚ ਵੀ ਲੋੜੀਂਦਾ ਸੀ। ਇਸ ਸੰਬੰਧੀ ਜਾਣਕਾਰੀ ਡੀਜੀਪੀ ਪੰਜਾਬ ਗੌਰਵ ਯਾਦਵ ਵੱਲੋਂ ਦਿੱਤੀ ਗਈ।
ਜਾਣਕਾਰੀ ਦਿੰਦਿਆਂ ਡੀਜੀਪੀ ਨੇ ਆਪਣੇ ਐਕਸ ‘ਤੇ ਇੱਕ ਪੋਸਟ ’ਚ ਲਿਖਿਆ ਕਿ ਪੰਜਾਬ ਪੁਲਿਸ ਨੇ ਇੱਕ ਕੇਂਦਰੀ ਏਜੰਸੀ ਨਾਲ ਸਾਂਝੇ ਆਪ੍ਰੇਸ਼ਨ ਵਿੱਚ ਸਿਮਰਨਜੋਤ ਸੰਧੂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਮੁਤਾਬਕ ਸੰਧੂ ਇੱਕ ਅੰਤਰਰਾਸ਼ਟਰੀ ਡਰੱਗ ਕਾਰਟੇਲ ਦਾ ਇੱਕ ਪ੍ਰਮੁੱਖ ਨੇਤਾ ਹੈ ਅਤੇ ਜਰਮਨੀ ਵਿੱਚ ਡਰੱਗ ਅਪਰਾਧ ਲਈ ਲੋੜੀਂਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸੰਧੂ ਜਰਮਨੀ ਵਿੱਚ 487 ਕਿਲੋ ਕੋਕੀਨ ਤਸਕਰੀ ਮਾਮਲੇ (2020) ਦਾ ਕਿੰਗਪਿਨ ਹੈ।
ਸਿਮਰਨਜੋਤ ਸੰਧੂ ਦਾ ਜ਼ਿਕਰ ਕੀਤਾ ਜਾਵੇ ਤਾਂ ਉਸਦਾ ਨੈਟਵਰਕ ਭਾਰਤ ਜਰਮਨੀ ਸਮੇਤ ਕਈ ਦੇਸ਼ਾਂ ’ਚ ਫੈਲਿਆ ਹੋਇਆ ਹੈ। ਫਿਲਹਾਲ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਵੱਲੋਂ ਸੰਧੂ ਪਾਸੋਂ ਪੁੱਛ-ਗਿੱਛ ਦੋਰਾਨ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।