ਚੰਡੀਗੜ੍ਹ/ ਸ੍ਰੀ ਮੁਕਤਸਰ ਸਾਹਿਬ, 7 ਮਾਰਚ:
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ‘ਤੇ ਸ਼ੁਰੂ ਕੀਤੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਦੌਰਾਨ ਮਿਲੀ ਜਾਣਕਾਰੀ ‘ਤੇ ਵੱਡੀ ਕਾਰਵਾਈ ਕਰਦਿਆਂ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੇ ਇੱਕ ਡਰੱਗ ਨੈੱਟਵਰਕ ਦਾ ਪਰਦਾਫਾਸ਼ ਕਰਦਿਆਂ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਕੇ ਉਸਦੇ ਕਬਜ਼ੇ ‘ਚੋਂ 10.5 ਕਿਲੋ ਅਫੀਮ ਅਤੇ 35000 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਦੱਸਣਯੋਗ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਰਾਜੂ ਵਜੋਂ ਹੋਈ ਹੈ, ਜੋ ਕਿ ਪਿੰਡ ਭਗਵਾਨਪੁਰਾ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਮਲੋਟ ਦੇ ਸ਼ਹੀਦ ਭਗਤ ਸਿੰਘ ਨਗਰ ਵਿਖੇ ਰਹਿ ਰਿਹਾ ਹੈ। ਅਫੀਮ ਅਤੇ ਡਰੱਗ ਮਨੀ ਬਰਾਮਦ ਕਰਨ ਤੋਂ ਇਲਾਵਾ, ਪੁਲਿਸ ਟੀਮਾਂ ਨੇ ਉਸਦਾ ਟੀਵੀਐਸ ਅਪਾਚੇ ਮੋਟਰਸਾਈਕਲ (ਰਜਿਸਟ੍ਰੇਸ਼ਨ ਨੰਬਰ ਪੀਬੀ 08 ਈਐਸ 4930) ਵੀ ਜ਼ਬਤ ਕਰ ਲਿਆ ਹੈ।
ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਇਸ ਮਾਮਲੇ ਵਿੱਚ ਅਗਲੇ-ਪਿਛਲੇ ਸਬੰਧਾਂ ਦਾ ਪਤਾ ਲਗਾਉਣ ਲਈ ਅਗਲੇਰੀ ਜਾਂਚ ਜਾਰੀ ਹੈ।
ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (ਐਸਐਸਪੀ) ਅਖਿਲ ਚੌਧਰੀ ਨੇ ਕਾਰਵਾਈ ਦੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ‘ਤੇ ਕਾਰਵਾਈ ਕਰਦਿਆਂ, ਐਸਪੀ ਇਨਵੈਸਟੀਗੇਸ਼ਨ ਅਤੇ ਡੀਐਸਪੀ (ਡੀ) ਦੀ ਨਿਗਰਾਨੀ ਹੇਠ ਸੀਆਈਏ ਮਲੋਟ ਦੀਆਂ ਟੀਮਾਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਇੱਕ ਪਾਰਦਰਸ਼ੀ ਪੈਕੇਟ ਵਿੱਚ 3.5 ਕਿਲੋ ਅਫੀਮ ਅਤੇ 35,000 ਰੁਪਏ ਡਰੱਗ ਮਨੀ ਬਰਾਮਦ ਕਰਨ ਤੋਂ ਬਾਅਦ ਦੋਸ਼ੀ ਰਾਜੂ ਨੂੰ ਕਾਬੂ ਕਰ ਲਿਆ।
ਉਨ੍ਹਾਂ ਕਿਹਾ ਕਿ ਪੁੱਛਗਿੱਛ ਦੌਰਾਨ ਦੋਸ਼ੀ ਰਾਜੂ ਨੇ ਕਬੂਲ ਕੀਤਾ ਕਿ ਉਸਨੇ ਆਪਣੇ ਘਰ ਵਿੱਚ ਹੋਰ ਅਫੀਮ ਛੁਪਾਈ ਹੋਈ ਹੈ। ਉਨ੍ਹਾਂ ਅੱਗੇ ਦੱਸਿਆ ਕਿ ਰਾਜੂ ਦੇ ਬਿਆਨ ਦੇ ਆਧਾਰ ‘ਤੇ, ਪੁਲਿਸ ਟੀਮਾਂ ਨੇ ਉਸ ਦੇ ਘਰ ਦੀ ਤਲਾਸ਼ੀ ਲਈ ਅਤੇ ਹੋਰ 7 ਕਿਲੋ ਅਫੀਮ ਬਰਾਮਦ ਹੋਈ।
ਐਸਐਸਪੀ ਨੇ ਕਿਹਾ ਕਿ ਗ੍ਰਿਫ਼ਤਾਰ ਕੀਤਾ ਮੁਲਜ਼ਮ ਆਦਤਨ ਨਸ਼ਾ ਤਸਕਰ ਹੈ ਅਤੇ ਮਾਰਚ 2024 ਵਿੱਚ ਸਦਰ ਪੁਲਿਸ ਵਿਖੇ ਦਰਜ 54 ਕਿਲੋ ਭੁੱਕੀ ਬਰਾਮਦਗੀ ਦੇ ਮਾਮਲੇ ਵਿੱਚ ਸ੍ਰੀ ਮੁਕਤਸਰ ਸਾਹਿਬ ਪੁਲਿਸ ਨੂੰ ਵੀ ਲੋੜੀਂਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ ਅਤੇ ਹੋਰ ਖੁਲਾਸੇ ਹੋਣ ਦੀ ਉਮੀਦ ਹੈ।
ਇਸ ਸਬੰਧੀ ਥਾਣਾ ਸਦਰ ਮਲੋਟ ਵਿਖੇ ਐਨਡੀਪੀਐਸ ਐਕਟ ਦੀ ਧਾਰਾ 18(ਬੀ) ਤਹਿਤ ਐਫਆਈਆਰ ਨੰਬਰ 15 ਮਿਤੀ 06.03.2025 ਨੂੰ ਦਰਜ ਕੀਤੀ ਗਈ ਹੈ।