ਚੰਡੀਗੜ੍ਹ/ਅੰਮ੍ਰਿਤਸਰ: ਪੰਜਾਬ ਨੂੰ ਸੁਰੱਖਿਅਤ ਸੂਬਾ ਬਣਾਉਣ ਲਈ ਚੱਲ ਰਹੀ ਮੁਹਿੰਮ ਦੌਰਾਨ ਵੱਡੀ ਸਫਲਤਾ ਹਾਸਲ ਕਰਦਿਆਂ ਕਾਊਂਟਰ ਇੰਟੈਲੀਜੈਂਸ (ਸੀਆਈ) ਅੰਮ੍ਰਿਤਸਰ ਨੇ ਹਥਿਆਰਾਂ ਦੀ ਤਸਕਰੀ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਕੇ ਦੁਬਈ ਅਧਾਰਤ ਭਗੌੜੇ ਤਸਕਰ ਮਨਜੋਤ ਸਿੰਘ ਉਰਫ਼ ਮੰਨੂ ਵੱਲੋਂ ਚਲਾਏ ਜਾ ਰਹੇ ਅਤੇ ਪਾਕਿਸਤਾਨ ਤੋਂ ਹਮਾਇਤ ਪ੍ਰਾਪਤ ਹਥਿਆਰਾਂ ਦੀ ਤਸਕਰੀ ਦੇ ਰੈਕੇਟ ਦਾ ਪਰਦਾਫਾਸ਼ ਕੀਤਾ ਹੈ। ਇਹ ਜਾਣਕਾਰੀ ਅੱਜ ਇੱਥੇ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਦਿੱਤੀ।
ਉਹਨਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ਼ ਕਾਕਾ ਵਜੋਂ ਹੋਈ ਹੈ, ਜੋ ਕਿ ਤਰਨਤਾਰਨ ਦੇ ਪਿੰਡ ਹਵੇਲੀਆਂ ਦਾ ਰਹਿਣ ਵਾਲਾ ਹੈ ਅਤੇ ਇਸ ਵੇਲੇ ਅੰਮ੍ਰਿਤਸਰ ਦਿਹਾਤੀ ਦੇ ਪਿੰਡ ਸੈਦਪੁਰ ਵਿਖੇ ਰਹਿ ਰਿਹਾ ਹੈ। ਪੁਲਿਸ ਟੀਮਾਂ ਨੇ ਉਸ ਦੇ ਕਬਜ਼ੇ ‘ਚੋਂ ਤਿੰਨ ਆਧੁਨਿਕ ਪਿਸਤੌਲ, ਜਿਨ੍ਹਾਂ ਵਿੱਚ 9 ਐਮਐਮ ਦੇ ਦੋ ਗਲੌਕ ਅਤੇ ਇੱਕ .30 ਬੋਰ ਚੀਨੀ ਪਿਸਤੌਲ ਸ਼ਾਮਲ ਹੈ, ਸਮੇਤ 4 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ। ਇਸ ਤੋਂ ਇਲਾਵਾ ਉਸਦੇ ਗ੍ਰੇਅ ਰੰਗ ਦੀ ਹੌਂਡਾ ਐਕਟਿਵਾ ਸਕੂਟਰ (ਪੀ.ਬੀ.02ਈ.ਐਫ.2599), ਜਿਸ ‘ਤੇ ਉਹ ਜਾ ਰਿਹਾ ਸੀ, ਨੂੰ ਵੀ ਜ਼ਬਤ ਕਰ ਲਿਆ ਹੈ।