ਅੰਮ੍ਰਿਤਸਰ : ਡੀ. ਐੱਸ.ਪੀ. ਵਵਿੰਦਰ ਮਹਾਜਨ ਦੀ ਗ੍ਰਿਫਤਾਰੀ ਲਈ ਅੰਮ੍ਰਿਤਸਰ ਅਤੇ ਬਾਰਡਰ ਰੇਂਜ ਵਿਚ ਰੈੱਡ ਅਲਰਟ ਜਾਰੀ ਕੀਤਾ ਗਿਆ ਹੈ। ਬੁੱਧਵਾਰ ਨੂੰ ਐਂਟੀ-ਨਾਰਕੋਟਿਕਸ ਟਾਸਕ ਫੋਰਸ (ਏ.ਐੱਨ.ਟੀ.ਐੱਫ.) ਨੇ ਪਿਛਲੇ ਸਾਲ ਐੱਨ.ਡੀ.ਪੀ.ਐੱਸ. ਕੇਸ ਵਿਚ ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਡੀ.ਐੱਸ.ਪੀ. ਵਵਿੰਦਰ ਮਹਾਜਨ ‘ਤੇ ਐੱਸ.ਟੀ.ਐੱਫ. ਮੋਹਾਲੀ ਥਾਣੇ ਵਿਚ ਕੇਸ ਦਰਜ ਕੀਤਾ ਹੈ। ਪਤਾ ਲੱਗਾ ਹੈ ਕਿ ਡੀ.ਐੱਸ.ਪੀ. ਮਹਾਜਨ ਨੂੰ ਆਪਣੇ ਉੱਤੇ ਹੋਣ ਵਾਲੀ ਕਾਰਵਾਈ ਦੀ ਜਾਣਕਾਰੀ ਮਿਲ ਗਈ ਸੀ, ਜਿਸ ਤੋਂ ਬਾਅਦ ਉਹ ਸਰਕਾਰੀ ਗੱਡੀ ਅਤੇ ਗੰਨਮੈਨ ਛੱਡ ਕੇ ਫ਼ਰਾਰ ਹੋ ਗਏ। ਉਨ੍ਹਾਂ ਦੇ ਦੋਵੇਂ ਫ਼ੋਨ ਵੀ ਬੰਦ ਹਨ।
ਡੀ. ਐੱਸ. ਪੀ. ਵਵਿੰਦਰ ਮਹਾਜਨ ਇਸ ਵੇਲੇ 5 ਆਈ. ਆਰ. ਬੀ. ਅੰਮ੍ਰਿਤਸਰ ਦੇ ਹੈੱਡਕਵਾਰਟਰ ਵਿਚ ਤਾਇਨਾਤ ਹੈ। ਉਹ ਪਿਛਲੇ ਕਈ ਮਹੀਨਿਆਂ ਤੋਂ ਵਿਵਾਦਾਂ ‘ਚ ਘਿਰੇ ਹੋਏ ਸਨ, ਜਿਸ ਕਾਰਨ ਐੱਸ.ਟੀ.ਐੱਫ. ਦੀ ਟੀਮ ਨੇ ਉਨ੍ਹਾਂ ‘ਤੇ ਨਜ਼ਰ ਰੱਖੀ ਹੋਈ ਸੀ। ਗ੍ਰਿਫਤਾਰੀ ਲਈ ਬੁੱਧਵਾਰ ਨੂੰ ਏ.ਐੱਨ.ਟੀ.ਐੱਫ. ਦੀ ਟੀਮ ਨੇ ਮੂਨ ਐਵੇਨਿਊ ਸਥਿਤ ਘਰ ‘ਤੇ ਸਵੇਰੇ ਤੜਕੇ 4 ਵਜੇ ਛਾਪਾ ਮਾਰਿਆ। ਸੂਤਰਾਂ ਮੁਤਾਬਕ ਘਰ ਤੋਂ ਛਾਪੇ ‘ਚ ਵੱਡੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਨਕਦੀ ਬਰਾਮਦ ਹੋਈ। ਜਿਸ ਤੋਂ ਬਾਅਦ ਉਨ੍ਹਾਂ ਖ਼ਿਲਾਫ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਗਈ।