ਮੋਹਾਲੀ : ਮੋਹਾਲੀ ਵਿਖੇ ਇਕ ਆਈ. ਪੀ. ਐੱਸ. ਅਫ਼ਸਰ ਦੀ ਸੁਰੱਖਿਆ ‘ਚ ਤਾਇਨਾਤ ਪੁਲਸ ਮੁਲਾਜ਼ਮ ਸਤਿੰਦਰ ਸਿੰਘ ਅਚਾਨਕ ਭੇਤਭਰੇ ਹਾਲਾਤ ’ਚ ਲਾਪਤਾ ਹੋ ਗਿਆ। ਉਹ ਮੰਗਲਵਾਰ ਦੀ ਰਾਤ ਡਿਊਟੀ ਖ਼ਤਮ ਕਰ ਕੇ ਮੋਹਾਲੀ ਤੋਂ ਸਮਾਣਾ ਵਿਖੇ ਆਪਣੇ ਘਰ ਜਾ ਰਿਹਾ ਸੀ ਪਰ ਉਹ ਘਰ ਨਹੀਂ ਪਹੁੰਚਿਆ ਅਤੇ ਉਸ ਦਾ ਮੋਬਾਇਲ ਵੀ ਬੰਦ ਆ ਰਿਹਾ ਹੈ। ਪੁਲਸ ਨੂੰ ਉਸ ਦੀ ਕਾਰ ਪਿੰਡ ਭਾਨਰਾ ਕੋਲੋਂ ਲਾਵਾਰਸ ਹਾਲਤ ‘ਚ ਮਿਲੀ ਹੈ, ਜਿਸ ’ਤੇ ਖ਼ੂਨ ਦੇ ਨਿਸ਼ਾਨ ਲੱਗੇ ਹੋਏ ਸਨ। ਸਤਿੰਦਰ ਸਿੰਘ ਬਾਰੇ ਹਾਲੇ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ। ਪੁਲਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਸਾਰੇ ਪਹਿਲੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਲਦ ਸੱਚਾਈ ਸਾਹਮਣੇ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਤਿੰਦਰ ਸਿੰਘ ਮੋਹਾਲੀ ਵਿਖੇ ਇੰਟੈਂਲੀਜੈਂਸ ’ਚ ਤਾਇਨਾਤ ਆਈ. ਪੀ. ਐੱਸ. ਅਫ਼ਸਰ ਡਾ. ਸੰਦੀਪ ਗਰਗ ਨਾਲ ਸੁਰੱਖਿਆ ਮੁਲਾਜ਼ਮ ਵਜੋਂ ਤਾਇਨਾਤ ਸੀ।