ਬਰਨਾਲਾ : ਬਰਨਾਲਾ ਦੀ ਝੁੱਗੀ ਬਸਤੀ ਤੋਂ ਅਗਵਾ ਹੋਏ ਬੱਚੇ ਨੂੰ ਪੁਲਸ ਨੇ ਸਹੀ-ਸਲਾਮਤ ਬਰਾਮਦ ਕਰ ਲਿਆ ਹੈ। ਇਸ ਬਾਰੇ ਪ੍ਰੈੱਸ ਕਾਨਫਰੰਸ ਕਰਦਿਆਂ ਡੀ. ਆਈ. ਜੀ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਇਸ ਬੱਚੇ ਨੂੰ ਬਦਮਾਸ਼ ਅਗਵਾ ਕਰਕੇ ਮੱਧ ਪ੍ਰਦੇਸ਼ ਲੈ ਗਏ ਸਨ।
ਉਨ੍ਹਾਂ ਦੱਸਿਆ ਕਿ ਝੁੱਗੀ ‘ਚ ਰਹਿਣ ਵਾਲੇ ਬੱਚੇ ਨੂੰ ਅਗਵਾਕਾਰ ਮੋਟਰਸਾਈਕਲ ‘ਤੇ ਬਿਠਾ ਕੇ ਲੈ ਗਏ ਸੀ ਅਤੇ ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ‘ਚ ਕੈਦ ਹੋ ਗਈ ਸੀ। ਪੁਲਸ ਨੇ ਸਖ਼ਤ ਮਿਹਨਤ ਨਾਲ ਅਗਵਾ ਹੋਏ ਬੱਚੇ ਨੂੰ ਬਰਾਮਦ ਕਰ ਲਿਆ। ਇਸ ਦੇ ਨਾਲ ਹੀ ਡੀ. ਆਈ. ਜੀ. ਨੇ ਐਲਾਨ ਕੀਤਾ ਸੀ ਕਿ ਇਸ ਬੱਚੇ ਦੀ ਪੜ੍ਹਾਈ ਦਾ ਖ਼ਰਚਾ ਪੁਲਸ ਵਲੋਂ ਚੁੱਕਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਲਈ ਹਰ ਜਾਨ ਬੇਹੱਦ ਕੀਮਤੀ ਹੈ, ਫਿਰ ਭਾਵੇਂ ਬੱਚਾ ਕਿਸੇ ਅਮੀਰ ਦਾ ਹੋਵੇ ਜਾਂ ਫਿਰ ਗਰੀਬ ਦਾ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਮਨ-ਸ਼ਾਂਤੀ ਬਣਾਈ ਰੱਖਣਾ ਪੰਜਾਬ ਪੁਲਸ ਦਾ ਫਰਜ਼ ਹੈ।