ਚੰਡੀਗੜ੍ਹ: ਪੰਜਾਬ ਪੁਲਸ ਨੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਮੈਂਬਰਾਂ ਨੂੰ ਗ੍ਰਿਫ਼ਤਾਰ ਕਰਕੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਇਹ ਦੋਵੇਂ ਪੰਜਾਬ ਵਿਚ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਅੰਜਾਮ ਦੇਣ ਦੀ ਫ਼ਿਰਾਕ ਵਿਚ ਸਨ। ਇਹ ਦੋਵੇਂ ਮੁਲਜ਼ਮ ਸਿੱਧੇ ਤੌਰ ‘ਤੇ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ ਪਾਕਿਸਤਾਨ ਵਿਚ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਅਤੇ ਅਮਰੀਕਾ ਬੈਠੇ ਅੱਤਵਾਦੀ ਹੈਪੀ ਪਾਸੀਆਂ ਨਾਲ ਸਬੰਧਤ ਸਨ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਪੰਜਾਬ ਦੇ ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਮੋਹਾਲੀ ਵੱਲੋਂ ਬੱਬਰ ਖ਼ਾਲਸਾ ਇੰਟਰਨੈਸ਼ਨਲ ਦੇ 2 ਗੁਰਗਿਆਂ ਨੂੰ ਕਾਬੂ ਕੀਤਾ ਗਿਆ ਹੈ। ਇਹ ਦੋਵੇਂ ਪਾਕਿਸਤਾਨ ਬੈਠੇ ਅੱਤਵਾਦੀ ਹਰਵਿੰਦਰ ਸਿੰਘ ਰਿੰਦਾ ਤੇ ਅਮਰੀਕਾ ਰਹਿੰਦੇ ਅੱਤਵਾਦੀ ਹੈਪੀ ਪਾਸੀਆਂ ਨਾਲ ਸਿੱਧੇ ਸੰਪਰਕ ਵਿਚ ਸਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਗਦੀਸ਼ ਸਿੰਘ ਉਰਫ਼ ਜੱਗਾ ਵਾਸੀ ਹਰੀਕੇ ਪੱਤਨ ਤਰਨ ਤਾਰਨ ਅਤੇ ਸ਼ੁੱਭਦੀਪ ਸਿੰਘ ਔਲਖ ਉਰਫ਼ ਸ਼ੁੱਭ ਵਾਸੀ ਚੌਹਲਾ ਸਾਹਿਬ ਤਰਨ ਤਾਰਨ ਤੇ ਜੁਝਾਰ ਸਿੰਘ ਐਵੇਨਿਊ ਅੰਮ੍ਰਿਤਸਰ ਵਜੋਂ ਹੋਈ ਹੈ।
ਡੀ.ਜੀ.ਪੀ. ਨੇ ਅੱਗੇ ਦੱਸਿਆ ਕਿ ਇਨ੍ਹਾਂ ਵੱਲੋਂ ਮਹਾਰਾਸ਼ਰਟਰ ਦੇ ਨਾਂਦੇੜ ਵਿਚ ਇਕ ਕਤਲ ਕੀਤਾ ਗਿਆ ਸੀ ਤੇ ਇਕ ਵਿਅਕਤੀ ਨੂੰ ਗੰਭੀਰ ਰੂਪ ਨਾਲ ਜ਼ਖ਼ਮੀ ਵੀ ਕੀਤਾ ਗਿਆ ਸੀ। ਇਹ ਮਾਮਲਾ ਇਸੇ ਮਹੀਨੇ 10 ਤਾਰੀਖ਼ ਦਾ ਹੈ। ਉਨ੍ਹਾਂ ਨੇ ਇਹ ਸਭ ਹਰਵਿੰਦਰ ਸਿੰਘ ਰਿੰਦਾ ਦੇ ਇਸ਼ਾਰੇ ‘ਤੇ ਕੀਤਾ ਸੀ। ਡੀ.ਜੀ.ਪੀ. ਨੇ ਦੱਸਿਆ ਕਿ ਇਨ੍ਹਾਂ ਨੂੰ ਅੱਤਵਾਦੀ ਆਪ੍ਰੇਸ਼ਨ ਤਹਿਤ ਪੰਜਾਬ ਵਿਚ ਟਾਰਗੇਟ ਕਿਲਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀਆਂ ਵੀ ਹਦਾਇਤਾਂ ਸਨ। ਇਨ੍ਹਾਂ ਕੋਲੋਂ .32 ਬੋਰ ਦੀਆਂ 2 ਪਿਸਤੌਲਾਂ ਤੇ 5 ਰੌਂਦ ਬਰਾਮਦ ਕੀਤੇ ਗਏ ਹਨ।