ਚੰਡੀਗੜ੍ਹ : ਪੰਜਾਬ ਪੁਲਸ ਵੱਲੋਂ ਇਤਿਹਾਸਕ ਪਹਿਲਕਦਮੀ ਵਿਚ “ਮੇਨਸਟ੍ਰੀਮਿੰਗ ਆਫ਼ ਵੂਮਨ ਪੁਲਸ” ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸਦਾ ਉਦੇਸ਼ ਸੂਬੇ ਭਰ ਵਿਚ ਮਹਿਲਾ ਪੁਲਸ ਅਧਿਕਾਰੀਆਂ ਦੀ ਭੂਮਿਕਾ ਅਤੇ ਏਕੀਕਰਨ ਦਾ ਵਿਆਪਕ ਮੁਲਾਂਕਣ ਕਰਨਾ ਅਤੇ ਇਸ ਨੂੰ ਹੋਰ ਬਿਹਤਰ ਬਣਾਉਣਾ ਹੈ। ਇਹ ਪ੍ਰੋਜੈਕਟ 2 ਤੋਂ 4 ਦਸੰਬਰ, 2025 ਤੱਕ ਪੰਜਾਬ ਪੁਲਸ ਅਕੈਡਮੀ (ਪੀਪੀਏ), ਫਿਲੌਰ ਵਿਖੇ ਕਰਵਾਏ ਤਿੰਨ ਦਿਨਾਂ ਟ੍ਰੇਨਿੰਗ ਆਫ਼ ਟ੍ਰੇਨਰਜ਼ (ਟੀਓਟੀ) ਪ੍ਰੋਗਰਾਮ ਨਾਲ ਸ਼ੁਰੂ ਕੀਤਾ ਗਿਆ। ਟੀਓਟੀ ਪ੍ਰੋਗਰਾਮ ਪੰਜਾਬ ਪੁਲਸ ਦੇ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਵਿੰਗ ਦੁਆਰਾ ਹਾਰਟੇਕ ਫਾਊਂਡੇਸ਼ਨ ਦੀ ਸਾਂਝੇਦਾਰੀ ਨਾਲ ਕੀਤਾ ਗਿਆ ਸੀ। ਇਸ ਸੈਸ਼ਨ ਦੌਰਾਨ ਲਗਭਗ 60 ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ, ਜਿਨ੍ਹਾਂ ਵਿਚ ਪੰਜਾਬ ਦੇ 13 ਜ਼ਿਲ੍ਹਿਆਂ ਤੋਂ ਚਾਰ ਸੀਨੀਅਰ ਪੁਲਸ ਅਧਿਕਾਰੀ ਸ਼ਾਮਲ ਸਨ। ਇਹ ਅਧਿਕਾਰੀ ਹੁਣ ਆਪੋ-ਆਪਣੇ ਜ਼ਿਲ੍ਹਿਆਂ ਵਿਚ ਸਿਖਲਾਈ ਦੇਣ ਲਈ ਜ਼ਿੰਮੇਵਾਰ ਹੋਣਗੇ।
ਸਿਖਲਾਈ ਪਾਠਕ੍ਰਮ ਵਿਚ ਪੁਲਸ ਦੀ ਸ਼ਖਸ਼ੀਅਤ ਨੂੰ ਨਿਖਾਰਨਾ, ਲਿੰਗ ਸੰਵੇਦਨਸ਼ੀਲਤਾ, ਪੱਛੜੇ ਵਰਗਾਂ ਨੂੰ ਨਿਆਂ ਪ੍ਰਦਾਨ ਕਰਨ ਵਿਚ ਪੁਲਸ ਦੀ ਭੂਮਿਕਾ ਅਤੇ ਰਵਾਇਤੀ ਤੌਰ ‘ਤੇ ਪੁਰਸ਼-ਪ੍ਰਧਾਨ ਪੁਲਸ ਬਲ ਵਿਚ ਮਹਿਲਾ ਅਧਿਕਾਰੀਆਂ ਨੂੰ ਮੁੱਖ ਧਾਰਾ ਵਿਚ ਲਿਆਉਣ ਸਬੰਧੀ ਰਣਨੀਤੀਆਂ ਸ਼ਾਮਲ ਸਨ। ਪੁਲਸ ਵਿਚ ਪੇਸ਼ੇਵਰ ਤੌਰ ‘ਤੇ ਔਰਤਾਂ ਦੀ ਭਾਗੀਦਾਰੀ ਨੂੰ ਉਤਸ਼ਾਹਿਤ ਕਰਨ ਵਾਸਤੇ ਸੀਨੀਅਰ ਅਧਿਕਾਰੀਆਂ ਦੀਆਂ ਜ਼ਿੰਮੇਵਾਰੀਆਂ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਇਸ ਪਹਿਲਕਦਮੀ ਦੀ ਮਹੱਤਤਾ ਨੂੰ ਸੰਬੋਧਨ ਕਰਦਿਆਂ ਵਿਸ਼ੇਸ਼ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ ਨੇ ਕਿਹਾ ਕਿ ਇਹ ਅਹਿਮ ਪ੍ਰੋਜੈਕਟ “ਮੇਨਸਟ੍ਰੀਮਿੰਗ ਆਫ਼ ਵੂਮਨ ਪੁਲਸ” ਪ੍ਰੋਜੈਕਟ ਦੇ ਹਿੱਸੇ ਵਜੋਂ ਚਲਾਇਆ ਜਾ ਰਿਹਾ ਹੈ ਜਿਸ ਤਹਿਤ ਭਾਰਤ ਸਰਕਾਰ ਦੇ ਮਹਿਲਾ ਹੈਲਪਡੈਸਕ ਪ੍ਰੋਜੈਕਟ ਦੇ ਦੇਸ਼ ਵਿਆਪੀ ਸਫਲਤਾ ਦੇ ਅਧਾਰ ‘ਤੇ ਇਕ ਕੋਸ਼ਿਸ਼ ਕੀਤੀ ਜਾ ਰਹੀ ਹੈ ਜਿੱਥੇ ਪੰਜਾਬ ਦੇ 384 ਪੁਲਸ ਸਟੇਸ਼ਨਾਂ ਦੇ ਹਰੇਕ ਪੁਲਸ ਸਟੇਸ਼ਨ ਵਿਚ ਦੋ-ਦੋ ਮਹਿਲਾ ਅਧਿਕਾਰੀਆਂ ਨੂੰ ਤਾਇਨਾਤ ਕੀਤਾ ਗਿਆ ਹੈ।

