ਮੋਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਇਸ ਸਾਲ ਲਈ ਗਈ ਬਾਰਵੀਂ ਜਮਾਤ ਦੀ ਸਲਾਨਾ ਪ੍ਰੀਖਿਆ ਦਾ ਨਤੀਜਾ ਅੱਜ ਇੱਥੇ ਐਲਾਨ ਦਿੱਤਾ ਗਿਆ ਹੈ। ਸਿੱਖਿਆ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ ਨੇ ਨਤੀਜੇ ਦਾ ਐਲਾਨ ਕਰਦਿਆਂ ਦੱਸਿਆ ਕਿ ਸਰਬ ਹਿੱਤਕਾਰੀ ਸੀਨੀਅਰ ਸੈਕੰਡਰੀ ਵਿਦਿਆ ਮੰਦਰ ਬਰਨਾਲਾ ਦੀ ਵਿਦਿਆਰਥਣ ਹਰਸੀਰਤ ਕੌਰ ਪੁੱਤਰੀ ਸਿਮਰਦੀਪ ਸਿੰਘ ਨੇ 100 ਫੀਸਦੀ ਅੰਕ ਹਾਸਲ ਕਰਕੇ ਪੰਜਾਬ ਭਰ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ।
ਇਸ ਤੋਂ ਇਲਾਵਾ ਐੱਸ. ਐੱਸ. ਮੈਮੋਰੀਅਲ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਕੱਸੋਆਣਾ ਫਿਰੋਜ਼ਪੁਰ ਦੀ ਮਨਵੀਰ ਕੌਰ ਪੁੱਤਰੀ ਗੁਰਜੰਟ ਸਿੰਘ ਨੇ 500 ਵਿਚੋਂ 498 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚੋਂ ਦੂਜਾ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਸ੍ਰੀ ਤਾਰਾ ਚੰਦ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਭੀਖੀ ਮਾਨਸਾ ਦੀ ਵਿਦਿਆਰਥਣ ਅਰਸ਼ ਪੁੱਤਰੀ ਕਰਮਜੀਤ ਸਿੰਘ ਨੇ 498 ਅੰਕ ਪ੍ਰਾਪਤ ਕਰਕੇ ਪੰਜਾਬ ਭਰ ਵਿਚ ਤੀਜਾ ਸਥਾਨ ਹਾਸਿਲ ਕੀਤਾ ਹੈ।