ਨਵਾਂਸ਼ਹਿਰ -ਨਸ਼ੇੜੀ ਪਤੀ ਤੋਂ ਤੰਗ ਆ ਕੇ ਆਪਣੇ ਪੇਕੇ ਘਰ ਰਹਿ ਰਹੀ ਪਤਨੀ ਦਾ ਗੁੱਸੇ ਵਿਚ ਆਏ ਪਤੀ ਵੱਲੋਂ ਗੋਲ਼ੀਆਂ ਮਾਰ ਕੇ ਕਤਲ ਕਰਨ ਅਤੇ ਫਿਰ ਆਪਣੇ ਸਹੁਰੇ ਘਰ ਤੋਂ ਕੁਝ ਦੂਰੀ ’ਤੇ ਜਾ ਕੇ ਆਪਣੇ-ਆਪ ਨੂੰ ਗੋਲ਼ੀ ਮਾਰ ਕੇ ਖ਼ੁਦਕੁਸ਼ੀ ਕਰ ਲਈ, ਕਿਉਂਕਿ ਉਸ ਨੇ ਆਪਣੀ ਤਲਾਕ ਦੀ ਪਟੀਸ਼ਨ ਵਾਪਸ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਨਸ਼ੇ ਦੀ ਲਤ ਅਤੇ ਜੋੜੇ ਵਿਚਕਾਰ ਝਗੜਿਆਂ ਨੇ ਨਾ ਸਿਰਫ਼ ਦੋ ਜਾਨਾਂ ਲੈ ਲਈਆਂ ਸਗੋਂ ਮ੍ਰਿਤਕ ਜੋੜੇ ਦੇ ਦੋ ਬੱਚਿਆਂ ਨੂੰ ਵੀ ਅਨਾਥ ਕਰ ਦਿੱਤਾ।
ਪੁਲਸ ਨੇ ਮੌਕੇ ’ਤੇ ਪਹੁੰਚ ਕੇ ਕਾਰਵਾਈ ਕੀਤੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਬੰਗਾ ਸਿਵਲ ਹਸਪਤਾਲ ਭੇਜ ਦਿੱਤਾ। ਪੁਲਸ ਨੂੰ ਦਿੱਤੇ ਬਿਆਨ ਵਿਚ ਪਿੰਡ ਰਟੈਂਡਾ ਦੇ ਵਸਨੀਕ ਸਵ. ਮੱਖਣ ਸਿੰਘ ਦੀ ਪਤਨੀ ਪ੍ਰਦੀਪ ਕੌਰ ਨੇ ਕਿਹਾ ਕਿ ਉਹ ਘਰੇਲੂ ਕੰਮ ਕਰਦੀ ਹੈ। ਉਨ੍ਹਾਂ ਦੀ ਧੀ ਮਨਪ੍ਰੀਤ ਕੌਰ ਦਾ ਵਿਆਹ 2012 ਵਿਚ ਗੁਰਵਿੰਦਰ ਸਿੰਘ ਪੁੱਤਰ ਗੁਰਮੋਹਨ ਸਿੰਘ ਵਾਸੀ ਰਾਜਪੁਰਾ, ਥਾਣਾ ਗੋਰਾਇਆ ਜ਼ਿਲ੍ਹਾ ਜਲੰਧਰ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਨ੍ਹਾਂ ਦੇ 2 ਬੱਚੇ ਹਨ, ਜਿਨ੍ਹਾਂ ਵਿਚੋਂ ਲੜਕੀ 11 ਸਾਲ ਦੀ ਹੈ ਅਤੇ ਲੜਕਾ 9 ਸਾਲ ਦਾ ਹੈ।
ਉਸ ਨੇ ਦੱਸਿਆ ਕਿ ਉਸ ਦਾ ਜਵਾਈ ਗੁਰਵਿੰਦਰ ਸਿੰਘ ਨਸ਼ੇ ਦਾ ਆਦੀ ਸੀ ਅਤੇ ਉਸ ਦੀ ਧੀ ਨੂੰ ਕੁੱਟਦਾ ਸੀ। ਉਸ ਨੇ ਆਪਣੀ ਨਸ਼ੇ ਦੀ ਲਤ ਨੂੰ ਸੰਤੁਸ਼ਟ ਕਰਨ ਲਈ ਘਰ ਦਾ ਸਾਰਾ ਸਾਮਾਨ ਵੀ ਵੇਚ ਦਿੱਤਾ ਸੀ। ਇਸ ਕਾਰਨ ਉਸ ਦੀ ਧੀ ਆਪਣੇ ਦੋ ਬੱਚਿਆਂ ਸਮੇਤ ਲਗਭਗ 1 ਸਾਲ ਪਹਿਲਾਂ ਰਟੈਂਡਾ ਵਿਖੇ ਆਪਣੇ ਪੇਕੇ ਘਰ ਆਈ ਸੀ ਅਤੇ ਸਿਲਾਈ ਅਤੇ ਕਢਾਈ ਦਾ ਕੰਮ ਕਰਕੇ ਬੱਚਿਆਂ ਦਾ ਪਾਲਣ-ਪੋਸ਼ਣ ਕਰ ਰਹੀ ਸੀ।