ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਫਗਵਾੜਾ ‘ਚ ਹੁਸ਼ਿਆਰਪੁਰ ਤੋਂ ‘ਆਪ’ ਉਮੀਦਵਾਰ ਡਾ. ਰਾਜ ਕੁਮਾਰ ਚੱਬੇਵਾਲ ਲਈ ਚੋਣ ਪ੍ਰਚਾਰ ਕਰਦਿਆਂ ਰੋਡ ਸ਼ੋਅ ਕੀਤਾ। ਭਗਵੰਤ ਮਾਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡਾ.ਚੱਬੇਵਾਲ ਨੂੰ ਪਾਰਲੀਮੈਂਟ ਵਿੱਚ ਆਪਣਾ ਨੁਮਾਇੰਦਾ ਚੁਣਨ, ਕਿਉਂਕਿ ਉਹ ਇੱਕ ਸਾਧਾਰਨ ਪਰਿਵਾਰ ਤੋਂ ਹਨ, ਉਹ ਇੱਕ ਜ਼ਮੀਨੀ ਆਗੂ ਹਨ ਜੋ ਆਮ ਲੋਕਾਂ ਦੇ ਮੁੱਦੇ ਪਾਰਲੀਮੈਂਟ ਵਿੱਚ ਉਠਾਉਣਗੇ।
ਰੋਡ ਸ਼ੋਅ ਦੌਰਾਨ ਭਗਵੰਤ ਮਾਨ ਨੇ ਲੋਕਾਂ ਦੀ ਭਾਰੀ ਭੀੜ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਪਿਆਰ, ਭਰੋਸੇ ਅਤੇ ਸਹਿਯੋਗ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਉਹ ਇਸ ਪਿਆਰ ਦਾ ਕਰਜ਼ ਕਦੇ ਨਹੀਂ ਚੁਕਾ ਸਕਦੇ, ਪਰੰਤੂ ਉਹ ਸ਼ੁਕਰਗੁਜ਼ਾਰ ਹਨ ਕਿ ਲੋਕਾਂ ਨੇ ਉਨ੍ਹਾਂ ਨੂੰ ਐਨੀ ਵੱਡੀ ਜ਼ਿੰਮੇਵਾਰੀ ਲਈ ਚੁਣਿਆ। ਉਨ੍ਹਾਂ ਕਿਹਾ ਕਿ ਉਹ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦੇ ਹਨ ਕਿ ਉਹ ਉਨ੍ਹਾਂ ਨੂੰ ਸਧਬੁੱਧੀ ਅਤੇ ਤਾਕਤ ਬਖ਼ਸ਼ੇ ਤਾਂ ਜੋ ਉਹ ਲੋਕਾਂ ਲਈ ਦਿਨ ਰਾਤ ਕੰਮ ਕਰ ਸਕਣ। ਉਨ੍ਹਾਂ ਕਿਹਾ ਕਿ ਪਹਿਲੀ ਜੂਨ ਨੂੰ ‘ਝਾੜੂ’ ਵਾਲਾ ਬਟਨ ਦਬਾ ਕੇ ਆਪਣੀ ਜ਼ਿੰਮੇਵਾਰੀ ਨਿਭਾਓ, 4 ਜੂਨ ਤੋਂ ਬਾਅਦ ਹਰ ਜ਼ਿੰਮੇਵਾਰੀ ਮੇਰੀ ਹੋਵੇਗੀ। ਉਨ੍ਹਾਂ ਕਿਹਾ ਕਿ ਉਹ ਪੰਜਾਬ ਨੂੰ ਇੱਕ ਵਾਰ ਫਿਰ ਤੋਂ ‘ਸੋਨ ਦੀ ਚਿੜੀ’ ਬਣਾਉਣਗੇ। ਉਨ੍ਹਾਂ ਕਿਹਾ ਕਿ ਰਵਾਇਤੀ ਅਤੇ ਵੰਸ਼ਵਾਦੀ ਸਿਆਸਤਦਾਨ ਦੁਖੀ ਹਨ, ਕਿਉਂਕਿ ਆਮ ਪਰਿਵਾਰਾਂ ਦੇ ਧੀ-ਪੁੱਤ ਵਿਧਾਨ ਸਭਾ ‘ਚ ਮੁੱਖ ਮੰਤਰੀ, ਮੰਤਰੀ ਅਤੇ ਵਿਧਾਇਕ ਬਣ ਕੇ ਪਹੁੰਚ ਗਏ ਹਨ। ਉਹ ਸਮਝਦੇ ਸਨ ਕਿ ਸੱਤਾ ਅਤੇ ਰਾਜਨੀਤੀ ਉਨ੍ਹਾਂ ਦਾ ਜਨਮ ਸਿੱਧ ਅਧਿਕਾਰ ਹੈ।
ਭਗਵੰਤ ਮਾਨ ਨੇ ਕਿਹਾ ਕਿ ਹਰ ਵਰਗ ਦੇ ਲੋਕਾਂ ਤੋਂ ਮਿਲ ਰਿਹਾ ਪਿਆਰ ਅਤੇ ਸਤਿਕਾਰ ਹੀ ਮੇਰੀ ਉਮਰ ਭਰ ਦੀ ਕਮਾਈ ਹੈ। ਉਨ੍ਹਾਂ ਕਿਹਾ ਕਿ ਮਾਵਾਂ ਮੈਨੂੰ ਅਸੀਸਾਂ ਦਿੰਦੀਆਂ ਹਨ ਅਤੇ ਨੌਜਵਾਨ ਪੀੜ੍ਹੀ ਮੇਰਾ ਹਰ ਕਦਮ ’ਤੇ ਸਾਥ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਜਿੱਥੋਂ ਤੱਕ ਦੂਜੀਆਂ ਪਾਰਟੀਆਂ ਅਤੇ ਵਿਰੋਧੀਆਂ ਦਾ ਸਬੰਧ ਹੈ, ਲੋਕ ਤਾਂ ਉਨ੍ਹਾਂ ਨਾਲ ਹੱਥ ਮਿਲਾ ਕੇ ਆਪਣੀ ਹੱਥ ਦੀਆਂ ਉਂਗਲਾਂ ਗਿਣਦੇ ਹਨ। ਉਨ੍ਹਾਂ ਕਿਹਾ ਕਿ ਉਹ ਇੱਥੇ 43 ਹਜ਼ਾਰ ਸਰਕਾਰੀ ਨੌਕਰੀਆਂ ਦੇਣ ਤੋਂ ਬਾਅਦ ਲੋਕਾਂ ਵਿੱਚ ਮੌਜੂਦ ਹਨ, ਉਨ੍ਹਾਂ ਦੀ ਇੱਕੋ ਇੱਕ ਇੱਛਾ ਹੈ ਕਿ ਇੱਕ ਮਿਹਨਤੀ ਮਜ਼ਦੂਰ ਨੂੰ ਕੰਮ ਤੋਂ ਤੁਰੰਤ ਬਾਅਦ ਉਸਦੀ ਦਿਹਾੜੀ ਮਿਲੇ ਅਤੇ ਕਿਸਾਨ ਨੂੰ ਉਸਦੀ ਫ਼ਸਲ ਦਾ ਸਹੀ ਮੁੱਲ ਮੌਕੇ ‘ਤੇ ਹੀ ਮਿਲੇ। ਭਗਵੰਤ ਮਾਨ ਨੇ ਕਿਹਾ ਕਿ ਪੂਰਾ ਪੰਜਾਬ ਉਨ੍ਹਾਂ ਦਾ ਪਰਿਵਾਰ ਹੈ, ਜਦੋਂ ਕੋਈ ਕਾਰੋਬਾਰੀ ਮੇਰੇ ਕੋਲ ਕੋਈ ਪ੍ਰਸਤਾਵ ਲੈ ਕੇ ਆਉਂਦਾ ਹੈ ਤਾਂ ਮੈਂ ਉਸ ਦੀ ਹਰ ਤਰ੍ਹਾਂ ਨਾਲ ਮਦਦ ਕਰਦਾ ਹਾਂ ਅਤੇ ਬਦਲੇ ‘ਚ ਸਿਰਫ਼ ਇਕ ਗੱਲ ਮੰਗਦਾ ਹਾਂ, ਸਾਡੇ ਨੌਜਵਾਨਾਂ ਨੂੰ ਨੌਕਰੀਆਂ ਦਿਓ।
ਭਗਵੰਤ ਮਾਨ ਨੇ ਕਿਹਾ ਕਿ ਸਰਕਾਰਾਂ ਗ਼ਰੀਬਾਂ ਦੀ ਜ਼ਿੰਦਗੀ ਬਰਬਾਦ ਕਰਨ, ਕਾਰੋਬਾਰ ਬੰਦ ਕਰਨ ਜਾਂ ਸੂਬੇ ਨੂੰ ਲੁੱਟਣ ਲਈ ਨਹੀਂ ਬਣਦੀਆਂ ਸਗੋਂ ਸਰਕਾਰਾਂ ਲੋਕਾਂ ਦੇ ਹੱਕਾਂ ‘ਤੇ ਪਹਿਰਾ ਦੇਣ, ਲੋਕਾਂ ਦੀਆਂ ਰਸੋਈਆਂ ‘ਚ ਅੱਗ ਅਤੇ ਰੋਟੀ ਯਕੀਨੀ ਬਣਾਉਣ ਲਈ ਬਣਦੀਆਂ ਹਨ।
ਭਗਵੰਤ ਮਾਨ ਨੇ ਕਿਹਾ ਕਿ ਮੈਨੂੰ ਇੱਕ ਪੱਤਰਕਾਰ ਨੇ ਪੁੱਛਿਆ ਕਿ ਐਨੀ ਤਾਕਤ ਅਤੇ ਪ੍ਰਸਿੱਧੀ ਕਿਸੇ ਦਾ ਵੀ ਦਿਮਾਗ਼ ਖ਼ਰਾਬ ਕਰ ਸਕਦੀ ਹੈ, ਪਰੰਤੂ ਤੁਸੀਂ ਕਿਵੇਂ ਜ਼ਮੀਨ ਨਾਲ ਜੁੜੇ ਹੋ, ਮੈਂ ਉਸ ਨੂੰ ਕਿਹਾ ਕਿ ਮੈਂ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਮਸ਼ਹੂਰ ਸੀ, ਮੈਨੂੰ ਪ੍ਰਸਿੱਧੀ ਦੀ ਲੋੜ ਨਹੀਂ, ਪਰ ਮੈਂ ਆਪਣੀ ਜ਼ਿੰਮੇਵਾਰੀ ਤੋਂ ਜਾਣੂ ਹਾਂ। ਰੱਬ ਸਾਨੂੰ ਜ਼ਿੰਮੇਵਾਰੀ ਦਿੰਦਾ ਹੈ ਅਤੇ ਫਿਰ ਜ਼ਿੰਮੇਵਾਰੀ ਨਿਭਾਉਣ ਦੀ ਤਾਕਤ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਮੁੜ ਤੋਂ ਖ਼ੁਸ਼ਹਾਲ ਬਣਾਉਣਾ ਹੀ ਮੇਰਾ ਸੁਪਨਾ ਹੈ। ਉਨ੍ਹਾਂ ਕਿਹਾ ਕਿ ਮੈਨੂੰ 13 ਹੋਰ ਹੱਥ ਅਤੇ ਆਵਾਜ਼ਾਂ ਦਿਓ, ਜੋ ਮੇਰੇ ਦੋ ਸਾਲਾਂ ਦੇ ਕੰਮਾਂ ਦਾ ਸਬੂਤ ਹੋਵੇਗਾ। ਭਗਵੰਤ ਮਾਨ ਨੇ ਕਿਹਾ ਕਿ ਉਹ ਅਤੇ ਉਨ੍ਹਾਂ ਦੀ ਸਰਕਾਰ ਹੋਰ ਵੀ ਜੋਸ਼ ਨਾਲ ਕੰਮ ਕਰੇਗੀ।