Tuesday, December 24, 2024

Become a member

Get the best offers and updates relating to Liberty Case News.

― Advertisement ―

spot_img
spot_img
HomePunjabਪੰਜਾਬ ਵਿੱਚ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ 'ਫਾਰਮ ਸਟੇਅ' ‘ਤੇ ਧਿਆਨ ਕੇਂਦਰਿਤ...

ਪੰਜਾਬ ਵਿੱਚ ਸੈਰ-ਸਪਾਟੇ ਨੂੰ ਪ੍ਰਫੁੱਲਤ ਕਰਨ ਲਈ ‘ਫਾਰਮ ਸਟੇਅ’ ‘ਤੇ ਧਿਆਨ ਕੇਂਦਰਿਤ ਕੀਤਾ ਜਾਵੇਗਾ: ਤਰੁਨਪ੍ਰੀਤ ਸਿੰਘ ਸੌਂਦ


ਚੰਡੀਗੜ੍ਹ/ਨਵੀਂ ਦਿੱਲੀ, 27 ਨਵੰਬਰ:

ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਤਰੁਨਪ੍ਰੀਤ ਸਿੰਘ ਸੌਂਦ ਨੇ ਅੱਜ ਇੱਥੇ ਕਿਹਾ ਕਿ ਦੇਸ਼ ਭਰ ਵਿੱਚ ਪੰਜਾਬ ਤੇਜ਼ੀ ਨਾਲ ‘ਫਾਰਮ ਟੂਰਿਜ਼ਮ ਹੱਬ’ ਵਜੋਂ ਉੱਭਰ ਰਿਹਾ ਹੈ ਅਤੇ ਸੂਬੇ ਦੀ ਫਾਰਮ ਟੂਰਿਜ਼ਮ ਨੀਤੀ ਸੂਬੇ ਵਿੱਚ ਸੈਰ ਸਪਾਟੇ ਨੂੰ ਨਵਾਂ ਰੂਪ ਦੇ ਰਹੀ ਹੈ।

ਭਾਰਤ ਮੰਡਪਮ, ਨਵੀਂ ਦਿੱਲੀ ਵਿਖੇ ਕਰਵਾਏ ਗਏ ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈ.ਆਈ.ਟੀ.ਐਫ.)-2024 ਵਿਖੇ ਪੰਜਾਬ ਦਿਵਸ ਸਮਾਰੋਹਾਂ ਨੂੰ ਸੰਬੋਧਨ ਕਰਦਿਆਂ ਸ. ਤਰੁਣਪ੍ਰੀਤ ਸਿੰਘ ਸੌਂਦ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸੈਰ ਸਪਾਟੇ ਨੂੰ ਪ੍ਰਫੁੱਲਤ ਕਰਨ ਅਤੇ ਸੂਬੇ ਨੂੰ ‘ਰੰਗਲਾ ਪੰਜਾਬ’ ਬਣਾਉਣ ਲਈ ਚੁੱਕੇ ਗਏ ਮਹੱਤਵਪੂਰਨ ਕਦਮਾਂ ਬਾਰੇ ਚਾਨਣਾ ਪਾਇਆ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਫਾਰਮ, ਰੂਰਲ ਅਤੇ ਐਗਰੋ ਟੂਰਿਜ਼ਮ ਨੂੰ ਵੱਡੇ ਪੱਧਰ ‘ਤੇ ਹੁਲਾਰਾ ਦੇਣ ਲਈ ਠੋਸ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਯਤਨਾਂ ਦੇ ਨਤੀਜੇ ਵਜੋਂ ਹੀ ਫਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਹੰਸਾਲੀ ਨੂੰ ਇਸ ਸਾਲ ਸਤੰਬਰ ਵਿੱਚ ਭਾਰਤ ਦੇ ਸਰਬੋਤਮ ਪਿੰਡ ਦਾ ਖਿਤਾਬ ਮਿਲਿਆ ਹੈ। ਉਨ੍ਹਾਂ ਕਿਹਾ ਕਿ ਖੇਤੀ ਸੈਰ ਸਪਾਟਾ ਜਿੱਥੇ ਸਥਾਨਕ ਆਰਥਿਕਤਾ ਨੂੰ ਮਜ਼ਬੂਤ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਵਿੱਚ ਲਾਹੇਵੰਦ ਸਾਬਤ ਹੋ ਰਿਹਾ ਹੈ, ਉੱਥੇ ਹੀ ਸੈਰ ਸਪਾਟੇ ਦੇ ਨਵੇਂ ਮੌਕੇ ਵੀ ਪੈਦਾ ਹੋ ਰਹੇ ਹਨ।

ਸੂਬਾ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਉਂਦਿਆਂ  ਸ. ਸੌਂਦ ਨੇ ਕਿਹਾ ਕਿ “ਇਨਵੈਸਟ ਪੰਜਾਬ” ਪੋਰਟਲ ਨੂੰ 28 ਰਾਜਾਂ ਵਿੱਚੋਂ ਪਹਿਲਾ ਸਥਾਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਵਿੱਚ ਤਕਰੀਬਨ 58000 ਤੋਂ ਵੱਧ ਰਜਿਸਟਰਡ ਐਮ.ਐਸ.ਐਮ.ਈਜ਼ ਹਨ, ਜੋ ਕਿ ਦੇਸ਼ ਭਰ ਵਿੱਚ ਸਭ ਤੋਂ ਵੱਧ ਹਨ। ਉਨ੍ਹਾਂ ਕਿਹਾ ਕਿ ਧਾਰਮਿਕ ਅਤੇ ਖੇਤੀ ਸੈਰ-ਸਪਾਟੇ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਪੰਜਾਬ ਸਰਕਾਰ ਸੂਬੇ ਵਿੱਚ ਮਨੋਰੰਜਨ ਦੀਆਂ ਸੰਭਾਵਨਾਵਾਂ ਦਾ ਲਾਭ ਉਠਾਉਣ ਲਈ ਫਿਲਮ ਸਿਟੀ ਸਥਾਪਤ ਕਰਨ ‘ਤੇ ਵਿਚਾਰ ਕਰ ਰਹੀ ਹੈ ਕਿਉਂਕਿ ਸੂਬੇ ਕੋਲ ਭੂਗੋਲਿਕ, ਸੱਭਿਆਚਾਰਕ ਅਤੇ ਇਤਿਹਾਸਕ ਨਜ਼ਰੀਏ ਤੋਂ ਬਹੁਤ ਕੁਝ ਹੈ ਅਤੇ ਇਹ ਵੱਖ-ਵੱਖ ਪਵਿੱਤਰ ਸਥਾਨਾਂ, ਸ਼ਹੀਦਾਂ ਦੇ ਪਿੰਡਾਂ, ਵਾਟਰ ਬਾਡੀਜ਼ ਅਤੇ ਅਣਛੋਹੇ ਸੈਰ ਸਪਾਟਾ ਸਥਾਨਾਂ ਦਾ ਘਰ ਹੈ।

ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸੈਰ ਸਪਾਟੇ ਨੂੰ ਹੋਰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਵਾਟਰ ਐਂਡ ਐਡਵੈਂਚਰ ਟੂਰਿਜ਼ਮ ਪਾਲਿਸੀ-2023 ਵੀ ਲਾਗੂ ਕੀਤੀ ਹੈ, ਜਿਸ ਦਾ ਉਦੇਸ਼ ਰਿਵਰ ਰਾਫਟਿੰਗ, ਬੋਟਿੰਗ, ਵਾਟਰ ਸਪੋਰਟਸ ਅਤੇ ਹੋਰ ਜਲ ਆਧਾਰਿਤ ਸੈਰ-ਸਪਾਟਾ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਹੈ। ਕੈਬਨਿਟ ਮੰਤਰੀ ਸੌਂਦ ਨੇ ਸੈਰ ਸਪਾਟਾ ਤੇ ਸੱਭਿਆਚਾਰ ਮਾਮਲਿਆਂ ਦੇ ਸਕੱਤਰ ਮਾਲਵਿੰਦਰ ਸਿੰਘ ਜੱਗੀ ਅਤੇ ਡਾਇਰੈਕਟਰ ਸ੍ਰੀਮਤੀ ਅੰਮ੍ਰਿਤ ਸਿੰਘ ਨਾਲ ਪੰਜਾਬ ਪੈਵੇਲੀਅਨ ਦਾ ਦੌਰਾ ਕੀਤਾ, ਜਿੱਥੇ ਪੰਜਾਬ ਟੂਰਿਜ਼ਮ, ਮਾਰਕਫੈੱਡ, ਵੇਰਕਾ, ਪੀ.ਐੱਸ.ਆਈ.ਈ.ਸੀ.-ਇਨਵੈਸਟ ਪੰਜਾਬ, ਪੁੱਡਾ, ਪੇਡਾ, ਪੀ.ਆਈ.ਡੀ.ਬੀ., ਪੀ.ਐਸ.ਏ.ਐਮ.ਬੀ., ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਸਮੇਤ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਵੱਲੋਂ ਆਪਣੇ ਸੂਬਿਆਂ ਦੇ ਅਮੀਰ ਸੱਭਿਆਚਾਰ, ਵਿਰਾਸਤ, ਉਦਯੋਗਿਕ ਵਿਕਾਸ, ਖੇਤੀਬਾੜੀ ਨਵੀਨਤਮ ਨੂੰ ਦਰਸਾਉਂਦੇ ਸਟਾਲਾਂ ਦੇ ਨਾਲ-ਨਾਲ ਦਸਤਕਾਰੀ ਤੇ ਸਬੰਧਤ ਉਤਪਾਦਾਂ ਅਤੇ ਰਵਾਇਤੀ ਦਸਤਕਾਰੀ ਤੇ ਸੁਆਦੀ ਪਕਵਾਨਾਂ ਦੇ ਸਟਾਲ ਵੀ ਲਗਾਏ ਗਏ।

ਇਸ ਦੌਰਾਨ ਸੈਰ ਸਪਾਟਾ ਮੰਤਰੀ ਨੇ ਸੱਭਿਆਚਾਰਕ ਸ਼ਾਮ ਦਾ ਉਦਘਾਟਨ ਵੀ ਕੀਤਾ ਅਤੇ  ਉੱਘੇ ਗਾਇਕ ਲਖਵਿੰਦਰ ਵਡਾਲੀ ਨੇ ਆਪਣੇ ਸੁਰੀਲੇ ਸੂਫੀ ਸੰਗੀਤ ਨਾਲ ਸਰੋਤਿਆਂ ਦਾ ਮਨ ਮੋਹ ਲਿਆ। ਆਈ.ਆਈ.ਟੀ.ਐਫ. ਦੌਰਾਨ ਪੰਜਾਬ ਦੇ ਸੈਰ-ਸਪਾਟਾ , ਅਮੀਰ ਸੱਭਿਆਚਾਰ ਅਤੇ ਵਿਰਸੇ ਨੂੰ ਬਾਖੂਬੀ ਢੰਗ ਨਾਲ ਪ੍ਰਦਰਸ਼ਿਤ ਕਰਨ ਲਈ ਸੈਰ-ਸਪਾਟਾ ਵਿਭਾਗ ਦੀ ਟੀਮ ਨੂੰ ਵਧਾਈ ਦਿੰਦਿਆਂ ਕੈਬਨਿਟ ਮੰਤਰੀ ਨੇ ਹੋਟਲ ਉਦਯੋਗ ਸਮੇਤ ਹੋਰ ਉਦਯੋਗਾਂ ਨੂੰ ਵੀ ਸੱਦਾ ਦਿੱਤਾ ਕਿ ਉਹ ਸੂਬੇ ਦੀ ਨਿੱਘੀ ਮਹਿਮਾਨਨਿਵਾਜ਼ੀ ਦਾ ਅਨੁਭਵ ਲੈਣ ਲਈ ਪੰਜਾਬ ਵਿੱਚ ਵੱਧ ਤੋਂ ਵੱਧ ਨਿਵੇਸ਼ ਕਰਨ।

ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਿਵੇਸ਼ ਦਾ ਮਤਲਬ ਖੇਤੀ ਪ੍ਰਧਾਨ ਸੂਬੇ ਵਿੱਚ ਖੇਤੀ ਸੈਰ-ਸਪਾਟਾ, ਐਡਵੈਂਚਰ ਸੈਰ-ਸਪਾਟਾ, ਪੇਂਡੂ ਸੈਰ-ਸਪਾਟਾ ਅਤੇ ਸੱਭਿਆਚਾਰਕ ਸੈਰ-ਸਪਾਟੇ ਦਾ ਮੁਕੰਮਲ ਪੈਕੇਜ ਹੋਵੇਗਾ ਕਿਉਂਕਿ ਸੂਬਾ ਸਰਕਾਰ ਨੇ ਨਿਵੇਸ਼ ਲਈ ਅਨੁਕੂਲ ਮਾਹੌਲ ਸਿਰਜਿਆ ਹੈ।

ਇਸ ਮੌਕੇ ਪੀ.ਐਸ.ਆਈ.ਈ.ਸੀ. ਦੇ ਚੇਅਰਮੈਨ ਸ੍ਰੀ ਦਲਵੀਰ ਸਿੰਘ ਅਤੇ ਕਾਰਜਕਾਰੀ ਡਾਇਰੈਕਟਰ ਭਾਈ ਸੁਖਦੀਪ ਸਿੰਘ ਸਿੱਧੂ ਸਮੇਤ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ।