ਸੁਲਤਾਨਪੁਰ ਲੋਧੀ -ਜਲੰਧਰ ਜ਼ਿਲ੍ਹੇ ਦੀ ਇਕ ਨੌਜਵਾਨ ਲੜਕੀ ਜੋ ਆਪਣੇ ਪਰਿਵਾਰ ਦੀਆਂ ਆਰਥਿਕ ਮਜ਼ਬੂਰੀਆਂ ਕਾਰਨ ਨੌਕਰੀ ਦੀ ਖਾਤਰ ਓਮਾਨ ਗਈ ਸੀ ਅਤੇ ਉਥੇ ਮਨੁੱਖੀ ਸਮੱਗਲਿੰਗ ਦਾ ਸ਼ਿਕਾਰ ਹੋ ਗਈ। ਉਸ ਦੀ ਆਪਣੀ ਭਾਬੀ ਨੇ ਇਕ ਏਜੰਟ ਨਾਲ ਮਿਲ ਕੇ ਉਸ ਨੂੰ 4 ਲੱਖ ਰੁਪਏ ’ਚ ਵੇਚ ਦਿੱਤਾ। ਪੀੜਤ ਲੜਕੀ ਨੂੰ ਉਥੇ ਗੰਭੀਰ ਤਸ਼ੱਦਦ, ਅਣਮਨੁੱਖੀ ਸਲੂਕ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਾ ਸਾਹਮਣਾ ਕਰਨਾ ਪਿਆ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਵਾਪਸ ਪਰਤੀ ਪੀੜਤਾਂ ਨੇ ਆਪਣੀ ਹੱਡਬੀਤੀ ਦੱਸਦਿਆਂ ਕਿਹਾ ਕਿ ਉਸ ਨੇ ਆਪਣੇ ਘਰ ਦੀਆਂ ਮਜ਼ਬੂਰੀਆਂ ਨੂੰ ਵੇਖਦਿਆਂ ਇਹ ਸਭ ਵੀ ਸਹਿਣ ਕਰ ਲਿਆ ਸੀ ਪਰ ਹੱਦ ਉਸ ਵੇਲੇ ਹੋਈ, ਜਦੋਂ ਉਸ ਦੀ ਬਿਨਾਂ ਵਜ੍ਹਾ ਕੁੱਟਮਾਰ ਹੋਣ ਲੱਗ ਪਈ।
ਪੀੜਤਾ ਨੇ ਦੱਸਿਆ ਕਿ ਓਮਾਨ ’ਚ ਉਸ ਨੂੰ ਲੰਬੇ ਸਮੇਂ ਤੱਕ ਦਿਨ-ਰਾਤ ਕੰਮ ਕਰਨ ਲਈ ਮਜਬੂਰ ਕੀਤਾ ਗਿਆ ਪਰ ਨਾਂ ਹੀ ਤਨਖਾਹ ਦਿੱਤੀ ਗਈ ਅਤੇ ਨਾ ਹੀ ਪੂਰਾ ਖਾਣਾ। ਤਸ਼ੱਦਦ ਦੇ ਵਿਰੋਧ ਉੱਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀਆਂ ਦਿੱਤੀਆਂ ਗਈਆਂ ਅਤੇ ਮਰਜ਼ੀ ਦੇ ਖਿਲਾਫ ਕੰਮ ਲਈ ਮਜਬੂਰ ਕੀਤਾ ਗਿਆ।
ਪੀੜਤਾ ਨੇ ਦੱਸਿਆ ਕਿ ਕਿਸੇ ਤਰ੍ਹਾਂ ਨਾਲ ਉਹ ਬਚ ਬਚਾਅ ਕਿ ਪਰਿਵਾਰ ਦੇ ਚੁੰਗਲ ਤੋਂ ਨਿਕਲਣ ਤੋਂ ਬਾਅਦ ਉਸ ਨੂੰ ਤਕਰੀਬਨ 2 ਮਹੀਨੇ ਤੱਕ ਓਮਾਨ ਦੀਆਂ ਸੜਕਾਂ ਭਟਕਣਾ ਪਿਆ।
ਪੀੜਤਾ ਨੇ ਇਹ ਵੀ ਖ਼ੁਲਾਸਾ ਕੀਤਾ ਕਿ ਓਮਾਨ ’ਚ ਉਸ ਵਾਂਗ ਹੀ ਯੂ. ਪੀ, ਬਿਹਾਰ ਅਤੇ ਪੰਜਾਬ ਦੀਆਂ ਲਗਭਗ 20 ਹੋਰ ਲੜਕੀਆਂ ਵੀ ਇਕ ਪਾਰਕ ’ਚ ਨਰਕ ਵਰਗੀ ਜ਼ਿੰਦਗੀ ਜੀ ਰਹੀਆਂ ਹਨ, ਜਿਨ੍ਹਾਂ ਦੀ ਜ਼ਿੰਦਗੀ ਹਰ ਵੇਲੇ ਖ਼ਤਰੇ ਵਿਚ ਹੈ। ਫਿਰ ਕਿਸੇ ਤਰੀਕੇ ਪੀੜਤਾ ਨੇ ਪਰਿਵਾਰ ਨਾਲ ਸੰਪਰਕ ਕੀਤਾ ਅਤੇ ਉਸ ਦੇ ਪਤੀ ਵੱਲੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੂੰ ਸਾਰੀ ਜਾਣਕਾਰੀ ਦਿੱਤੀ। ਸੰਤ ਸੀਚੇਵਾਲ ਵੱਲੋਂ ਵਿਦੇਸ਼ ਮੰਤਰਾਲੇ ਅਤੇ ਭਾਰਤੀ ਦੂਤਾਵਾਸ ਦੀ ਮਦਦ ਨਾਲ ਤੁਰੰਤ ਕਾਰਵਾਈ ਕੀਤੀ, ਜਿਸ ਸਦਕਾ 10 ਦਿਨਾਂ ਅੰਦਰ ਹੀ ਪੀੜਤਾ ਦੀ ਸੁਰੱਖਿਅਤ ਵਾਪਸੀ ਸੰਭਵ ਹੋਈ। ਪੀੜਤਾ ਅਤੇ ਉਸ ਦੇ ਪਰਿਵਾਰ ਨੇ ਸੰਤ ਸੀਚੇਵਾਲ ਅਤੇ ਭਾਰਤੀ ਸਰਕਾਰ ਦਾ ਦਿਲੋਂ ਧੰਨਵਾਦ ਕੀਤਾ।