ਭੋਗਪੁਰ – ਸੈਂਟਰਲ ਇਟਲੀ ਦੇ ਤੋਸਕਾਨਾ ਸੂਬੇ ਦੇ ‘ਚ ਸ਼ਥਿਤ ਪੀਜਾ ਸ਼ਹਿਰ ਨੇੜੇ ਰਹਿਣ ਵਾਲੀ ਪੰਜਾਬਣ ਕੁੜੀ ਰਾਜਦੀਪ ਕੌਰ ਨੇ ਸਖ਼ਤ ਮਿਹਨਤ ਅਤੇ ਲਗਨ ਸਦਕਾ ਡਰਾਇਵਿੰਗ ਦੇ ਖੇਤਰ ‘ਚ ਕਠਿਨ ਪ੍ਰੀਖਿਆਵਾਂ ਨੂੰ ਪਾਸ ਕਰਦੇ ਹੋਏ ਇੱਥੇ ਬੱਸ ਚਲਾਉਣ ਦਾ ਇਟਾਲੀਅਨ ਲਾਇਸੈਂਸ ਹਾਸਲ ਕੀਤਾ ਹੈ।
ਹੁਣ ਉਹ ਇਟਲੀ ਦੀ ਨਾਮਵਰ ਕੰਪਨੀ “ਦਾਂਤੀ” ‘ਚ ਬਤੌਰ ਬੱਸ ਡਰਾਈਵਰ ਦੇ ਤੌਰ ਨੌਕਰੀ ਹਾਸਲ ਕਰਕੇ ਸੇਵਾਵਾਂ ਨਿਭਾਅ ਰਹੀ ਹੈ। ਪਿਛੋਕੜ ਤੋਂ ਰਾਜਦੀਪ ਕੌਰ ਜਲੰਧਰ ਜ਼ਿਲ੍ਹੇ ਦੇ ਪਿੰਡ ਜੱਲੋਵਾਲ ਕਾਲਾ ਬੱਕਰਾ ਭੋਗਪੁਰ ਨਾਲ ਸਬੰਧਿਤ ਹੈ ਅਤੇ ਵਿਆਹ ਉਪਰੰਤ ਸਾਲ 2012 ਵਿੱਚ ਆਪਣੇ ਪਤੀ ਕੁਲਵਿੰਦਰ ਸਿੰਘ ਨਾਲ ਇਟਲੀ ਪਹੁੰਚੀ ਸੀ।
ਰਾਜਦੀਪ ਕੌਰ ਨੇ ਦੱਸਿਆ ਕਿ ਬੱਸ ਦੇ ਲਾਇਸੈਂਸ ਦੀ ਪੜ੍ਹਾਈ ਉਸ ਨੇ ਇਟਲੀ ਦੇ ਪ੍ਰਸਿੱਧ ਪੰਜਾਬੀ ਡਰਾਈਵਿੰਗ ਸਕੂਲ “ਮਨਜੀਤ ਡਰਾਈਵਿੰਗ ਸਕੂਲ ਇਟਲੀ” ਕੋਲੋਂ ਹਸਲ ਕੀਤੀ ਹੈ।ਇਸ ਲਈ ਕੋਚ ਮਨਜੀਤ ਸਿੰਘ ਦਾ ਦਿਲੋਂ ਧੰਨਵਾਦ ਵੀ ਕਰਦੀ ਹੈ ਅਤੇ ਅੱਜ ਉਸ ਨੂੰ ਆਪਣੇ ਮੁਕਾਮ ‘ਤੇ ਪਹੁੰਚ ਕੇ ਅਥਾਂਹ ਖੁਸ਼ੀ ਮਹਿਸੂਸ ਹੋ ਰਹੀ ਹੈ। ਰਾਜਦੀਪ ਕੌਰ ਨੇ ਇਹ ਵੀ ਦੱਸਿਆ ਕਿ ਅੱਜ ਕੁੜੀਆਂ ਕਿਸੇ ਵੀ ਖੇਤਰ ਅੰਦਰ ਮੁੰਡਿਆਂ ਨਾਲੋਂ ਘੱਟ ਨਹੀਂ ਹਨ। ਇਸ ਲਈ ਸਾਨੂੰ ਆਪਣੇ ਸੁਪਨੇ ਪੂਰੇ ਕਰਨ ਲਈ ਮਿਹਨਤ ਨਾਲ ਜੁਟ ਜਾਣਾ ਚਾਹੀਦਾ ਹੈ।