ਅੰਮ੍ਰਿਤਸਰ- ਸਰਹੱਦੀ ਪਿੰਡ ਮਾਹਵਾ, ਅਟਾਰੀ ਦੇ ਕਿਸਾਨ ਆਗੂ ਕਾਬਲ ਸਿੰਘ ਦਾ ਪੁੱਤਰ ਹਰਮਨਦੀਪ ਸਿੰਘ, ਜੋ ਛੇ ਸਾਲ ਪਹਿਲਾਂ ਸੁਨਹਿਰੀ ਭਵਿੱਖ ਦੀ ਆਸ ਵਿੱਚ ਇਟਲੀ ਗਿਆ ਸੀ, ਮੰਗਲਵਾਰ 22 ਜੁਲਾਈ ਤੋਂ ਲਾਪਤਾ ਹੈ। ਪਰਿਵਾਰ ਦਾ ਦੱਸਣਾ ਹੈ ਕਿ ਉਹ ਜਿੱਥੇ ਡੇਅਰੀ ਤੇ ਕੰਮ ਕਰਦਾ ਸੀ, ਉਥੋਂ ਆਪਣੇ ਚਾਚੇ ਨੂੰ ਮਿਲਣ ਲਈ ਸਾਈਕਲ ‘ਤੇ ਨਿਕਲਿਆ ਸੀ, ਪਰ ਨਾ ਉਹ ਆਪਣੇ ਚਾਚੇ ਕੋਲ ਪਹੁੰਚਿਆ ਤੇ ਨਾ ਹੀ ਉਸਤੋਂ ਬਾਅਦ ਕੋਈ ਸੰਪਰਕ ਹੋਇਆ।
ਹਰਮਨਦੀਪ ਦੀ ਗੁਮਸ਼ੁਦਗੀ ਦੀ ਖ਼ਬਰ ਮਿਲਣ ਤੋਂ ਬਾਅਦ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੋਇਆ ਹੈ। ਪਿਤਾ ਕਾਬਲ ਸਿੰਘ ਨੇ ਭਾਵੁਕ ਹੋ ਕੇ ਦੱਸਿਆ ਕਿ ਉਨ੍ਹਾਂ ਨੇ ਆਪਣੇ ਪੁੱਤਰ ਨੂੰ ਬੜੇ ਚਾਵਾਂ ਨਾਲ ਇੱਕ ਚੰਗੇ ਭਵਿੱਖ ਦੀ ਲੋੜ ਕਾਰਨ ਵਿਦੇਸ਼ ਭੇਜਿਆ ਸੀ। ਉਹ ਪਿਛਲੇ ਛੇ ਸਾਲ ਤੋਂ ਇੱਕੋ ਹੀ ਡੇਅਰੀ ਉੱਤੇ ਮਿਹਨਤ ਕਰ ਰਿਹਾ ਸੀ, ਪਰ ਅਚਾਨਕ ਐਨਾ ਵੱਡਾ ਝਟਕਾ ਮਿਲੇਗਾ, ਕਦੇ ਸੋਚਿਆ ਨਹੀਂ ਸੀ।
ਪਰਿਵਾਰ ਨੇ ਇਟਲੀ ਵਿੱਚ ਹਰਮਨਦੀਪ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾ ਦਿੱਤੀ ਹੈ ਅਤੇ ਭਾਰਤ ਅਤੇ ਪੰਜਾਬ ਸਰਕਾਰਾਂ ਕੋਲ ਅਪੀਲ ਕੀਤੀ ਹੈ ਕਿ ਇਟਲੀ ਅੰਬੈਸੀ ਦੇ ਜ਼ਰੀਏ ਉਨ੍ਹਾਂ ਦੇ ਪੁੱਤਰ ਦੀ ਭਾਲ ਕਰਵਾਈ ਜਾਵੇ। ਇਸ ਮਾਮਲੇ ਨੂੰ ਲੈ ਕੇ ਅੰਮ੍ਰਿਤਸਰ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਵੀ ਪੀੜਤ ਪਰਿਵਾਰ ਨਾਲ ਗੱਲਬਾਤ ਕਰਕੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਇਹ ਮਾਮਲਾ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਧਿਆਨ ਵਿੱਚ ਲਿਆਂਦਾ ਜਾਵੇਗਾ ਅਤੇ ਇਟਲੀ ਸਰਕਾਰ ਨਾਲ ਮਿਲ ਕੇ ਹਰਮਨਦੀਪ ਦੀ ਭਾਲ ਲਈ ਪੂਰੀ ਕੋਸ਼ਿਸ਼ ਕੀਤੀ ਜਾਵੇਗੀ। ਕਾਬਲ ਸਿੰਘ ਨੇ ਸਰਕਾਰਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੇ ਪੁੱਤਰ ਦੀ ਭਾਲ ਲਈ ਤੁਰੰਤ ਕਾਰਵਾਈ ਕੀਤੀ ਜਾਵੇ। ਸਾਡੇ ਲਈ ਹਰ ਮਿੰਟ ਭਾਰੀ ਪੈ ਰਿਹਾ ਹੈ, ਸਾਨੂੰ ਸਿਰਫ ਆਪਣੇ ਪੁੱਤਰ ਦੀ ਸਲਾਮਤੀ ਦੀ ਖ਼ਬਰ ਚਾਹੀਦੀ ਹੈ।